ਲੁਧਿਆਣਾ, 4 ਅਗਸਤ 2023 – ਲੁਧਿਆਣਾ ‘ਚ ਵੀਰਵਾਰ ਨੂੰ ਸਾਊਥ ਸਿਟੀ ਰੋਡ ‘ਤੇ ਇਕ ਵਪਾਰੀ ਦੀ ਰੇਂਜ ਰੋਵਰ ਕਾਰ ‘ਚੋਂ ਚੋਰਾਂ ਵੱਲੋਂ 22 ਲੱਖ ਰੁਪਏ ਵਾਲਾ ਕਾਲੇ ਬੈਗ ਲੈ ਕੇ ਭੱਜਣ ਦੀ ਵੀਡੀਓ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਬਦਮਾਸ਼ਾਂ ਨੇ ਕਾਰੋਬਾਰੀ ਦੀ ਉਸ ਦੇ ਘਰ ਤੋਂ ਹੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ ਸੀ। ਜਿਸ ਜਗ੍ਹਾ ‘ਤੇ ਵਪਾਰੀ ਰੀਅਲ ਅਸਟੇਟ ਦੇ ਦਫਤਰ ‘ਚ ਰੁਕਿਆ ਸੀ, ਪੁਲਿਸ ਨੇ ਉਸ ਜਗ੍ਹਾ ਦੇ ਸੀਸੀਟੀਵੀ ਕੈਮਰਿਆਂ ‘ਚ ਵੀ ਚੋਰਾਂ ਨੂੰ ਰੇਕੀ ਕਰਦੇ ਦੇਖਿਆ ਹੈ।
ਪੁਲਿਸ ਕਾਰੋਬਾਰੀ ਕਰਨ ਅਰੋੜਾ ਦੇ ਘਰ ਤੋਂ ਘਟਨਾ ਸਥਾਨ ਤੱਕ ਸੀਸੀਟੀਵੀ ਚੈੱਕ ਕਰ ਰਹੀ ਹੈ। ਇਸ ਕਾਰੋਬਾਰੀ ਦੀ ਪਿਛਲੇ ਕੁਝ ਦਿਨਾਂ ਤੋਂ ਰੇਕੀ ਕੀਤੇ ਜਾਣ ਦੀ ਸੰਭਾਵਨਾ ਹੈ। ਪੁਲੀਸ ਪਿਛਲੇ ਕੁਝ ਦਿਨਾਂ ਦੇ ਸੀਸੀਟੀਵੀ ਵੀ ਚੈੱਕ ਕਰ ਰਹੀ ਹੈ। ਪੁਲਿਸ ਨੂੰ ਫਿਰੋਜ਼ਪੁਰ ਰੋਡ ਸਥਿਤ ਕੈਮਰਿਆਂ ਤੋਂ ਸੁਰਾਗ ਮਿਲਿਆ ਹੈ ਕਿ ਬਦਮਾਸ਼ ਮੁੱਲਾਂਪੁਰ ਵੱਲ ਭੱਜ ਗਏ ਹਨ।
ਪੁਲੀਸ ਅਧਿਕਾਰੀਆਂ ਅਨੁਸਾਰ ਇਸ ਮਾਮਲੇ ਵਿੱਚ ਵੱਖ-ਵੱਖ ਜਾਲ ਵਿਛਾ ਕੇ ਟੀਮਾਂ ਬਣਾਈਆਂ ਗਈਆਂ ਹਨ। ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।
ਅਸਲ ‘ਚ ਕਾਰ ਦਾ ਡਰਾਈਵਰ ਕਾਰ ਨੂੰ ਪੈਂਚਰ ਲਵਾਉਣ ਲਈ ਪੈਟਰੋਲ ਪੰਪ ‘ਤੇ ਆਇਆ ਸੀ। ਉਸ ਦਾ ਧਿਆਨ ਪੈਂਚਰ ਲਵਾਉਣ ‘ਤੇ ਸੀ ਕਿ ਕਿਸੇ ਬਦਮਾਸ਼ ਨੇ ਕਾਰ ‘ਚੋਂ ਇਕ ਵੱਡਾ ਬੈਗ ਪਿੱਛਿਓਂ ਚੋਰੀ ਕਰ ਲਿਆ। ਦੂਰੀ ‘ਤੇ ਖੜ੍ਹੇ ਬਾਈਕ ‘ਤੇ ਸਾਥੀ ਸਮੇਤ ਫਰਾਰ ਹੋ ਗਿਆ। ਡਰਾਈਵਰ ਬਹਾਦਰ ਸਿੰਘ ਨੇ ਤੁਰੰਤ ਮਾਲਕ ਕਰਨ ਅਰੋੜਾ ਨੂੰ ਘਟਨਾ ਦੀ ਸੂਚਨਾ ਦਿੱਤੀ। ਕਰਨ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਸੀਆਈਏ-1, ਏਡੀਸੀਪੀ ਸ਼ੁਭਮ ਅਗਰਵਾਲ ਅਤੇ ਏਸੀਪੀ ਮਨਦੀਪ ਸਿੰਘ ਦੀ ਟੀਮ ਮੌਕੇ ’ਤੇ ਪੁੱਜੀ। ਪੁਲਿਸ ਮੁਤਾਬਕ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ। ਦੱਸ ਦਈਏ ਕਿ ਕਰੀਬ ਦੋ ਮਹੀਨੇ ਪਹਿਲਾਂ ਵੀ ਮਹਾਨਗਰ ‘ਚ ਇਕ ਵਾਹਨ ‘ਚੋਂ ਬੈਗ ਚੋਰੀ ਕਰਨ ਦੀ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ।
ਡਰਾਈਵਰ ਬਹਾਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਮਾਲਕ ਨੂੰ ਉਸ ਦੇ ਰੀਅਲ ਅਸਟੇਟ ਦਫ਼ਤਰ ਵਿੱਚ ਕਾਰ ਪਾਰਕ ਕਰਨ ਲੱਗਾ ਸੀ। ਉਸ ਦਾ ਧਿਆਨ ਅਚਾਨਕ ਕਾਰ ਦੇ ਟਾਇਰਾਂ ‘ਤੇ ਪਿਆ। ਕਾਰ ਦੇ ਟਾਇਰਾਂ ਨੂੰ ਸੂਈ ਨਾਲ ਵਿੰਨ੍ਹਿਆ ਗਿਆ ਸੀ। ਇਸ ਕਾਰਨ ਉਹ ਕਾਰ ਨੂੰ ਪੈਂਚਰ ਲਵਾਉਣ ਆਇਆ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।