ਕਪੂਰਥਲਾ, 30 ਸਤੰਬਰ 2022 – ਪਿੰਡ ਭਵਾਨੀਪੁਰ ਸਥਿਤ ਐਕਸਿਸ ਬੈਂਕ ਦੀ ਸ਼ਾਖਾ ਵਿੱਚ ਬੁੱਧਵਾਰ ਦੇਰ ਰਾਤ ਚੋਰਾਂ ਨੇ ਪਿਛਲੀ ਦੀਵਾਰ ਨੂੰ ਤੋੜ ਕੇ 38 ਲੱਖ ਰੁਪਏ ਚੋਰੀ ਕਰ ਲਏ। ਚੋਰ ਖੇਤਾਂ ਦੇ ਰਸਤੇ ‘ਚ ਬਾਈਕ ਰਿਪੇਅਰ ਦੀ ਦੁਕਾਨ ਦੇ ਤਾਲੇ ਤੋੜ ਕੇ ਬੈਂਕ ‘ਚ ਦਾਖਲ ਹੋਏ ਅਤੇ ਕੰਧ ਤੋੜ ਕੇ ਬੈਂਕ ‘ਚ ਰੱਖੀ ਤਿਜੋਰੀ ਨੂੰ ਕਟਰ ਨਾਲ ਕੱਟ ਕੇ ਇਸ ਵਾਰਦਾਤ ਨੀ ਅੰਜਾਮ ਦੇ ਕੇ ਚਲੇ ਗਏ।
ਐਸਪੀ (ਡੀ) ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਮੌਕੇ ’ਤੇ ਪਹੁੰਚ ਗਈ ਹੈ ਅਤੇ ਡੌਗ ਸਕੁਐਡ ਦੀ ਮਦਦ ਨਾਲ ਜਾਂਚ ਕਰ ਰਹੀ ਹੈ। ਬੈਂਕ ਦੇ ਮੁੱਖ ਦਫ਼ਤਰ ਤੋਂ ਸੀਸੀਟੀਵੀ ਫੁਟੇਜ ਵੀ ਮੰਗਵਾਈ ਜਾ ਰਹੀ ਹੈ। ਬ੍ਰਾਂਚ ਮੈਨੇਜਰ ਮਨੀਸ਼ ਕੁਮਾਰ ਸ਼ਰਮਾ ਨੇ ਪੁਲਸ ਨੂੰ ਦੱਸਿਆ ਕਿ ਚੋਰ ਬੈਂਕ ਦੀ ਬਿਲਡਿੰਗ ਦੇ ਪਿੱਛੇ ਖੇਤਾਂ ‘ਚੋਂ ਲੰਘਦੇ ਹੋਏ ਬੈਂਕ ਦੇ ਬਿਲਕੁਲ ਨਾਲ ਲੱਗਦੀ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਤੋਂ ਬੈਂਕ ਅੰਦਰ ਦਾਖਲ ਹੋ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਬੈਂਕ ਵਿੱਚੋਂ ਕਰੀਬ 38 ਲੱਖ ਰੁਪਏ ਲੁਟੇ ਲਏ।
ਐਸਪੀ ਹਰਵਿੰਦਰ ਸਿੰਘ, ਡੀਐਸਪੀ ਸਬ ਡਵੀਜ਼ਨ ਮਨਿੰਦਰਪਾਲ ਸਿੰਘ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਐਸਪੀ (ਡੀ) ਹਰਵਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਆਉਣ ਤੋਂ ਬਾਅਦ ਚੋਰਾਂ ਦੀ ਪਛਾਣ ਹੋ ਸਕੇਗੀ, ਫਿਲਹਾਲ ਡੌਗ ਸਕੁਐਡ ਦੀ ਟੀਮ ਵੀ ਜਾਂਚ ਕਰ ਰਹੀ ਹੈ।