ਅੰਮ੍ਰਿਤਸਰ, 12 ਜੂਨ 2022 – ਪਿਛਲੇ 2 ਦਿਨਾਂ ‘ਚ ਅੰਮ੍ਰਿਤਸਰ ‘ਚ ਤੀਜਾ ਕਤਲ ਹੋਣ ਦੀ ਵਾਰਦਾਤ ਸਾਹਮਣੇ ਆਈ ਹੈ। ਬੀਤੇ ਦਿਨ 2 ਗੁੱਟਾਂ ਦੀ ਲੜਾਈ ‘ਚ ਇਕ ਨੌਜਵਾਨ ਦਾ ਕਤਲ ਹੋ ਗਿਆ ਸੀ ਅਤੇ ਅੱਜ ਸਵੇਰੇ ਗੁਰਦੁਆਰੇ ਪਰਿਵਾਰ ਸਮੇਤ ਜਾ ਰਹੇ ਨੌਜਵਾਨ ਦਾ ਵੀ ਗਲੀਆਂ ਮਾਰ ਕ ਕਤਲ ਕਰ ਦਿੱਤਾ ਗਿਆ ਸੀ। ਹੁਣ ਤੀਜਾ ਕਤਲ ਇਕ ਬਜ਼ੁਰਗ ਔਰਤ ਦਾ ਹੁਣ ਦੀ ਖ਼ਬਰ ਸਾਹਮਣੇ ਆਈ ਹੈ।
ਅਸਲ ‘ਚ ਅੰਮ੍ਰਿਤਸਰ ਦੇ ਥਾਣਾ ਛਾਉਣੀ ਅਧੀਨ ਆਉਂਦੀ ਗਵਾਲਮੰਡੀ ‘ਚ ਸ਼ਨੀਵਾਰ ਦੇਰ ਰਾਤ ਵੱਡੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਲੁਟੇਰਿਆਂ ਨੇ ਘਰ ਵਿਚ ਦਾਖਲ ਹੋ ਕੇ ਇਕੱਲੀ ਰਹਿ ਰਹੀ ਬਜ਼ੁਰਗ ਕਾਮਿਨੀ ਦੇਵੀ (65) ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕੁਝ ਹੀ ਮਿੰਟਾਂ ‘ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਔਰਤ ਨੂੰ ਘਰ ‘ਚ ਇਕੱਲੀ ਦੇਖ ਕੇ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ।
ਘਟਨਾ ਸਮੇਂ ਦੇਖਿਆ ਗਿਆ ਕਿ ਕਾਮਿਨੀ ਦੇਵੀ ਦੇ ਸਰੀਰ ‘ਚੋਂ ਸੋਨੇ ਦੇ ਗਹਿਣੇ ਗਾਇਬ ਸਨ ਅਤੇ ਘਰ ਦੀਆਂ ਸਾਰੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। ਏਏਡੀਸੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਰਣਜੀਤ ਐਵੀਨਿਊ ਦੀ ਰਹਿਣ ਵਾਲੀ ਗੀਤਾਂਜਲੀ ਵਿੱਜ ਨੇ ਦੱਸਿਆ ਕਿ ਉਸ ਦੀ ਮਾਸੀ ਆਪਣੇ ਬੇਟੇ ਨਾਲ ਗਵਾਲਮੰਡੀ ‘ਚ ਰਹਿੰਦੀ ਹੈ। ਬੇਟਾ ਸ਼ਨੀਵਾਰ ਨੂੰ ਕਿਸੇ ਕੰਮ ਲਈ ਪਠਾਨਕੋਟ ਗਿਆ ਹੋਇਆ ਸੀ। ਮਾਸੀ ਕਾਮਿਨੀ ਦੇਵੀ ਉਸੇ ਘਰ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦੀ ਹੈ ਅਤੇ ਉਸ ਦੇ ਪਹਿਲੀ ਮੰਜ਼ਿਲ ‘ਤੇ ਕਿਰਾਏਦਾਰ ਹਨ। ਸ਼ਨੀਵਾਰ ਰਾਤ ਨੂੰ ਉਹ (ਕਾਮਿਨੀ ਦੇਵੀ) ਦੁਕਾਨ ਬੰਦ ਕਰਕੇ ਅੰਦਰ ਸੁੱਤੀ ਸੀ। ਜਦੋਂ ਸਵੇਰੇ ਕਾਫੀ ਦੇਰ ਤੱਕ ਉਸ ਦੀ ਦੁਕਾਨ ਦਾ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ। ਫਿਰ ਗੁਆਂਢੀਆਂ ਨੇ ਪਹਿਲੀ ਮੰਜ਼ਿਲ ‘ਤੇ ਰਹਿਣ ਵਾਲੇ ਕਿਰਾਏਦਾਰ ਤੋਂ ਪੁੱਛਗਿੱਛ ਕੀਤੀ।
ਇਸ ਤੋਂ ਬਾਅਦ ਦੁਕਾਨ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਕਾਮਿਨੀ ਦੇਵੀ ਦੀ ਲਾਸ਼ ਪਈ ਸੀ। ਉਸ ਦੇ ਸਰੀਰ ‘ਤੇ ਪਹਿਨੇ ਹੋਏ ਗਹਿਣੇ ਗਾਇਬ ਸਨ। ਘਰ ਦੇ ਅੰਦਰ ਰੱਖਿਆ ਕੀਮਤੀ ਸਮਾਨ ਅਤੇ ਅਲਮਾਰੀ ਦੇ ਲਾਕਰ ਵਿੱਚ ਰੱਖਿਆ 20 ਤੋਲੇ ਸੋਨਾ ਉੱਥੇ ਨਹੀਂ ਸੀ। ਭਤੀਜੀ ਗੀਤਾਂਜਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਦੋਸ਼ੀਆਂ ਦਾ ਪਤਾ ਲਗਾ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
