ਨਵਾਂਸ਼ਹਿਰ 4 ਫਰਵਰੀ 2022 : ਬਲਾਕ ਬੰਗਾ ਵਿਚ ਪੈਂਦੇ ਪਿੰਡ ਭੋਰਾ ਦੇ ਬਣੇ ਸਪੋਰਟਸ ਕੱਲਬ ਦੀ ਕੰਧ ਉਪਰ ਇਕ ਜ਼ਿੰਦਾ ਕਾਰਤੂਸ ਟੰਗ ਕੇ ਧਮਕੀ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਧਮਕੀ ਤੋਂ ਬਾਅਦ ਪਿੰਡ ਦੇ ਨਾਲ ਲੱਗਦੇ ਹੋਰ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਭੋਰਾ ਵਿਖੇ ਸਕੂਲ ਦੇ ਖੇਡ ਮੈਦਾਨ ਵਿਖੇ ਨੌਜਵਾਨ ਸਭਾ, ਐੱਨ.ਆਰ.ਆਈ ਭਰਾਵਾਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਫੁੱਟਬਾਲ ਮੈਚ ਕਰਵਾਏ ਜਾਂਦੇ ਹਨ।
ਇਸ ਵੀ ਸਾਲ 10 ਫਰਵਰੀ ਤੋਂ 15 ਫਰਵਰੀ ਤੱਕ ਇਹ ਮੈਚ ਹੋਣੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅੱਜ ਪਿੰਡ ਦੇ ਕੁਝ ਵਿਅਕਤੀਆਂ ਨੇ ਦੱਸਿਆ ਕਿ ਪਿੰਡ ਦੇ ਬਣੇ ਸਪੋਰਟਸ ਕੱਲਬ ਦੀ ਕੰਧ ‘ਤੇ ਕਿਸੇ ਨੇ ਕਿੱਲ ਠੋਕ ਕੇ ਇਕ ਜ਼ਿੰਦਾ ਕਾਰਤੂਸ ਟੰਗਿਆ ਹੈ ਤੇ ਕਾਲੀ ਸਿਆਹੀ ਨਾਲ ਤੀਰ ਬਣਾ ਕੇ ਧਮਕੀ ਦਿੱਤੀ ਹੈ ਕਿ “ਆਹ ਦੇਖ ਲਓ ਐੱਨ.ਆਰ.ਆਈ ਜਿੰਨ੍ਹੇ ਮੈਚ ਕਰਵਾਉਣੇ ਆਪਣੀ ਜ਼ਿੰਮੇਵਾਰੀ ਤੇ ਕਰਵਾਇਓ”।
ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਥਾਣਾ ਸਦਰ ਦੇ ਐੱਸ. ਐੱਚ. ਓ ਇੰਸਪੈਕਟਰ ਰਾਜੀਵ ਕੁਮਾਰ ਨੂੰ ਸ਼ਿਕਾਇਤ ਦਿੱਤੀ ਜੋ ਕਿ ਕੁਝ ਹੀ ਸਮੇ ‘ਚ ਪੁਲਸ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕੇ ‘ਤੇ ਪੁੱਜ ਗਏ ਅਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ।