ਡੇਰਾਬੱਸੀ, 14 ਸਤੰਬਰ 2022 – ਪੁਲੀਸ ਸਟੇਸ਼ਨ ਦੇ ਪਿੱਛੇ ਸਥਿਤ ਸ਼ਕਤੀ ਨਗਰ ਤੋਂ ਸਾਬਕਾ ਕੌਂਸਲਰ ਅੰਮ੍ਰਿਤਪਾਲ ਸਿੰਘ ਦੇ ਪੋਤੇ ਸਣੇ ਤਿੰਨ ਛੋਟੇ ਬੱਚੇ ਬੀਤੇ ਕੱਲ੍ਹ 13 ਸਤੰਬਰ ਵਾਲੇ ਦਿਨ ਸ਼ੱਕੀ ਹਾਲਤ ਵਿੱਚ ਲਾਪਤਾ ਹੋ ਗਏ ਸਨ, ਜੋ ਕਿ ਸਾਢੇ ਅੱਠ ਘੰਟੇ ਬਾਅਦ ਅੰਮ੍ਰਿਤਸਰ ਪੁਲੀਸ ਨੂੰ ਮਿਲੇ ਗਏ। ਤਿੰਨੇ ਬੱਚੇ ਅੱਜ ਜਨਮ ਦਿਨ ਮਨਾਉਣ ਲਈ ਗਏ ਸੀ ਜਿਸ ਮਗਰੋਂ ਉਹ ਲਾਪਤਾ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਸਾਬਕਾ ਕੌਂਸਲਤ ਅੰਮ੍ਰਿਤਪਾਲ ਸਿੰਘ ਦੇ ਪੋਤੇ ਸਰਜਤ ਸਿੰਘ ਜੋ ਏਟੀਐਸ ਵੈਲੀ ਸਕੂਲ ਵਿੱਚ ਸੱਤਵੀਂ ਕਲਾਸ ਵਿੱਚ ਪੜ੍ਹਦਾ ਹੈ, ਦਾ ਜਨਮ ਦਿਨ ਸੀ। ਉਹ ਆਪਣੇ ਦੋ ਦੋਸਤ ਸ਼ੁਕਰਨ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਪੁੱਤਰ ਗੁਰਿੰਦਰ ਸਿੰਘ ਨਾਲ ਜਨਮ ਦਿਨ ਦੀ ਪਾਰਟੀ ਕਰਨ ਲਈ ਨਿਕਲੇ ਸੀ। ਸੁਕਰਨ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੋਵੇਂ ਜੁੜਵਾਂ ਭਰਾ ਹਨ ਅਤੇ ਡੇਰਾਬੱਸੀ ਨਿਊ ਕੈਬਰਿਜ਼ ਸਕੂਲ ਵਿੱਚ ਨੌਵੀਂ ਕਲਾਸ ਵਿੱਚ ਪੜ੍ਹਦੇ ਹਨ। ਦੇਰ ਸ਼ਾਮ ਤੱਕ ਜਦ ਉਹ ਘਰ ਨਹੀਂ ਪਰਤੇ ਤਾਂ ਉਨ੍ਹਾਂ ਦੇ ਮਾਪੇ ਪ੍ਰੇਸ਼ਾਨ ਹੋ ਗਏ, ਜਿਨ੍ਹਾਂ ਵੱਲੋਂ ਪਹਿਲਾਂ ਆਪਣੇ ਪੱਧਰ ’ਤੇ ਕਾਫੀ ਭਾਲ ਕੀਤੀ ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਮਗਰੋਂ ਉਨ੍ਹਾਂ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ।
ਪੁਲੀਸ ਵੱਲੋਂ ਜਦ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਤਿੰਨੇ ਜਣਿਆਂ ਨੇ ਦੁਪਹਿਰ ਪੌਣੇ ਦੋ ਵਜੇ ਪੁਲੀਸ ਸਟੇਸ਼ਨ ਦੇ ਪਿੱਛੇ ਪੀਜਾ ਖਾਦਾ ਜਿਸ ਮਗਰੋਂ ਉਹ ਚੰਡੀਗੜ੍ਹ ਦੀ ਬੱਸ ਚੜ੍ਹਦੇ ਦਿਖਾਈ ਦਿੱਤੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਸਕੰਵਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਫੌਰੀ ਕਰਦਿਆਂ ਸਾਰੇ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਦਸ ਵਜੇ ਦੇ ਕਰੀਬ ਅੰਮ੍ਰਿਤਸਰ ਪੁਲੀਸ ਚੌਂਕੀ ਤੋਂ ਸੂਚਨਾ ਮਿਲੀ ਕਿ ਤਿੰਨ ਬੱਚੇ ਉਥੋਂ ਮਿਲੇ ਹਨ। ਇਹ ਬੱਚੇ ਬੱਸ ਵਿੱਚ ਬੈਠ ਕੇ ਅੰਮ੍ਰਿਤਸਰ ਚਲੇ ਗਏ ਸੀ ਜਿਥੇ ਰਾਹਗੀਰਾਂ ਵੱਲੋਂ ਪੁਲੀਸ ਨੂੰ ਸੂਚਿਤ ਕਰ ਦਿੱਤਾ। ਪੁਲੀਸ ਨੇ ਉਨ੍ਹਾਂ ਨੂੰ ਚੌਂਕੀ ਵਿੱਚ ਬਿਠਾ ਕੇ ਡੇਰਾਬੱਸੀ ਥਾਣੇ ਨੂੰ ਸੂਚਿਤ ਕੀਤਾ ਅਤੇ ਜਿਨ੍ਹਾਂ ਨੂੰ ਲੈਣ ਲਈ ਡੇਰਾਬੱਸੀ ਥਾਣੇ ਦੀ ਟੀਮ ਅਤੇ ਪਰਿਵਾਰਕ ਮੈਂਬਰ ਗਏ।