ਬਠਿੰਡਾ, 31 ਮਾਰਚ 2023 – ਅੱਜ ਤੜਕੇ ਬਠਿੰਡਾ ਦੇ ਰਹਿਣ ਵਾਲੇ ਇਕੋ ਪਰਿਵਾਰ ਦੇ ਤਿੰਨ ਮੈਬਰਾਂ ਨੇ ਬਠਿੰਡਾ ਥਰਮਲ ਦੀ ਝੀਲ ਵਿਚ ਛਾਲ ਮਾਰ ਦਿੱਤੀ, ਜਿਸ ਕਾਰਨ ਮਾਂ-ਪੁੱਤ ਦੀ ਮੌਤ ਹੋ ਗਈ ਹੈ, ਜਦਕਿ ਮੌਕੇ ‘ਤੇ ਸਹਾਰਾ ਵਰਕਰਾਂ ਵਲੋ ਪਰਿਵਾਰਕ ਮੁਖੀ ਨੂੰ ਝੀਲ ਵਿਚੋਂ ਬਾਹਰ ਕੱਢ ਲੈਣ ਕਾਰਨ ਉਸ ਦੀ ਜਾਨ ਬਚ ਗਈ ਹੈ। ਵਿਅਕਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਜਨਸੇਵਾ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਤਿੰਨਾਂ ਨੂੰ ਬਾਹਰ ਕੱਢ ਕੇ ਬਠਿੰਡਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ। ਹਸਪਤਾਲ ‘ਚ ਡਾਕਟਰਾਂ ਨੇ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਹੈ, ਜਦਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਵਿਅਕਤੀ ਇੱਕ ਹੀ ਪਰਿਵਾਰ ਦੇ ਹਨ ਅਤੇ ਉਨ੍ਹਾਂ ਦੀ ਪਛਾਣ ਹੋ ਗਈ ਹੈ। ਝੀਲ ਵਿੱਚ ਛਾਲ ਮਾਰਨ ਵਾਲਾ ਪਰਿਵਾਰ ਬਠਿੰਡਾ ਦੇ ਕਿਲ੍ਹੇ ਨੇੜੇ ਸਥਿਤ ਆਰਜੂ ਪ੍ਰੈਸ ਨਾਲ ਸਬੰਧਤ ਸੀ। ਮੁੱਢਲੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿੱਚ ਅਰਜੂ ਪ੍ਰੈੱਸ ਦੇ ਸੁਰਿੰਦਰ ਕੁਮਾਰ ਦੀ ਪਤਨੀ ਅਤੇ ਪੁੱਤਰ ਸ਼ਾਮਲ ਹਨ। ਜਦਕਿ ਸੁਰਿੰਦਰ ਨੂੰ ਝੀਲ ਵਿੱਚੋਂ ਜ਼ਿੰਦਾ ਕੱਢ ਲਿਆ ਗਿਆ। ਮ੍ਰਿਤਕ ਔਰਤ ਦੀ ਪਛਾਣ ਕੈਲਾਸ਼ ਰਾਣੀ ਅਤੇ ਉਸ ਦੇ ਪੁੱਤਰ ਪਬਨਿਸ਼ ਕੁਮਾਰ ਵਜੋਂ ਹੋਈ ਹੈ, ਜਦਕਿ ਸੁਰਿੰਦਰ ਕੁਮਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸ ਦੇ ਨਾਲ ਹੀ ਸੂਚਨਾ ਮਿਲਣ ‘ਤੇ ਥਾਣਾ ਥਰਮਲ ਦੀ ਪੁਲਸ ਨੇ ਵੀ ਘਟਨਾ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਪਰਿਵਾਰ ਦੀ ਖੁਦਕੁਸ਼ੀ ਦਾ ਕਾਰਨ ਕਾਰੋਬਾਰ ‘ਚ ਘਾਟਾ ਸੀ। ਪੀੜਤ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ, ਜਿਸ ਕਾਰਨ ਉਹ ਚਿੰਤਤ ਹਨ। ਆਖਿਰਕਾਰ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ।
ਦੱਸਿਆ ਜਾ ਰਿਹਾ ਹੈ ਕਿ ਪ੍ਰਿੰਟਿੰਗ ਪ੍ਰੈਸ ਦੇ ਕੰਮ ‘ਚ 20 ਤੋਂ 25 ਲੱਖ ਰੁਪਏ ਦਾ ਨੁਕਸਾਨ ਹੋਣ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਆਤਮਹੱਤਿਆ ਕਰਨ ਤੋਂ ਪਹਿਲਾਂ ਸੁਰਿੰਦਰ ਕੁਮਾਰ ਨੇ ਆਪਣੇ ਇਕ ਦੋਸਤ ਨੂੰ ਫੋਨ ਕਰਕੇ ਅਲਵਿਦਾ ਕਿਹਾ ਸੀ ਪਰ ਉਸ ਨੇ ਆਪਣੀ ਸਮੱਸਿਆ ਬਾਰੇ ਖੁੱਲ੍ਹ ਕੇ ਕੁਝ ਨਹੀਂ ਦੱਸਿਆ।