ਫਰੀਦਕੋਟ 14 ਫਰਵਰੀ 2024 – ਫਰੀਦਕੋਟ ਸ਼ਹਿਰ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦੀਆਂ ਤਿੰਨ ਵਿਦਿਆਰਥਣਾਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਈਆਂ ਹਨ। ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਲਾਪਤਾ ਲੜਕੀਆਂ ਦਾ ਪਤਾ ਲਗਾਉਣ ਦੀ ਮੰਗ ਕੀਤੀ ਹੈ।
ਮਾਪਿਆਂ ਦਾ ਦੋਸ਼ ਹੈ ਕਿ ਤਿੰਨੇ ਲੜਕੀਆਂ ਸਵੇਰੇ ਘਰੋਂ ਤਿਆਰ ਹੋ ਕੇ ਸਕੂਲ ਗਈਆਂ ਸਨ ਪਰ ਦੁਪਹਿਰ ਬਾਅਦ ਉਨ੍ਹਾਂ ਨੂੰ ਸਕੂਲ ਤੋਂ ਫੋਨ ਆਇਆ ਕਿ ਉਨ੍ਹਾਂ ਦੀਆਂ ਧੀਆਂ ਅੱਜ ਸਕੂਲ ਨਹੀਂ ਪੁੱਜੀਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀਆਂ ਧੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕੁੱਝ ਬੱਚਿਆਂ ਨੇ ਸੱਤਵੀਂ ਜਮਾਤ ‘ਚ ਪੜ੍ਹਦੀ 13 ਸਾਲਾ ਪ੍ਰਗਤੀ ਕੁਮਾਰੀ, 14 ਸਾਲਾ ਸਪਨਾ ਥਾਪਰ ਨੂੰ ਸਵੇਰੇ ਸਕੂਲ ਦੇ ਗੇਟ ‘ਤੇ ਦੇਖਿਆ ਸੀ, ਪਰ ਉਹ ਸਕੂਲ ‘ਚ ਦਾਖਲ ਨਹੀਂ ਹੋਈਆਂ। ਇਸੇ ਤਰ੍ਹਾਂ 17 ਸਾਲਾ ਸਰਸਵਤੀ ਗਿਰੀ ਵੀ ਸਕੂਲ ਪੜ੍ਹਨ ਲਈ ਘਰੋਂ ਨਿਕਲੀ ਸੀ ਪਰ ਉਹ ਵੀ ਸਕੂਲ ਨਹੀਂ ਪਹੁੰਚੀ।ਸਰਸਵਤੀ ਗਿਰੀ ਦੇ ਘਰ ਨਾ ਪਹੁੰਚਣ ‘ਤੇ ਪਰਿਵਾਰ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਤਿੰਨਾਂ ਲੜਕੀਆਂ ਦੇ ਮਾਤਾ-ਪਿਤਾ ਮੂਲ ਰੂਪ ਤੋਂ ਨੇਪਾਲ ਦੇ ਰਹਿਣ ਵਾਲੇ ਹਨ। ਅਜਿਹੇ ‘ਚ ਫਰੀਦਕੋਟ ‘ਚ ਰਹਿੰਦੇ ਨੇਪਾਲੀ ਭਾਈਚਾਰੇ ਨੇ ਇਕੱਠੇ ਹੋ ਕੇ ਤਿੰਨ ਲਾਪਤਾ ਲੜਕੀਆਂ ਨੂੰ ਲੱਭਣ ਲਈ ਪੁਲਸ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਅਤੇ ਸਮਾਜਿਕ ਸੰਸਥਾਵਾਂ ਨੂੰ ਲੜਕੀਆਂ ਦੀ ਭਾਲ ‘ਚ ਮਦਦ ਦੀ ਅਪੀਲ ਕੀਤੀ ਹੈ।