ਗੁਰਦਾਸਪੁਰ, 3 ਅਕਤੂਬਰ 2023 – ਗੁਰਦਾਸਪੁਰ ਦੀ ਸੀ.ਆਈ.ਏ ਸਟਾਫ਼ ਅਤੇ ਸਦਰ ਪੁਲਿਸ ਨੇ ਨਬੀਪੁਰ ਤੋਂ ਬੱਬਰੀ ਨਾਕੇ ਤੋਂ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 1 ਕਿਲੋ 40 ਗ੍ਰਾਮ ਹੈਰੋਇਨ ਬਰਾਮਦ ਕੀਤੀ। ਬਰਾਮਦ ਹੈਰੋਇਨ ਦੀ ਕੀਮਤ ਲਗਪਗ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਕ ਨੌਜਵਾਨ ਕੁਲਦੀਪ ਮਸੀਹ ਕੰਬਾਈਨ ਚਲਾਉਣ ਦਾ ਕੰਮ ਕਰਦਾ ਹੈ ਅਤੇ ਲਗਭਗ 6 ਮਹੀਨੇ ਪਹਿਲਾ ਕਣਕ ਦੀ ਕਟਾਈ ਕਰਦੇ ਸਮੇਂ ਉਸਨੂੰ ਡੇਰਾ ਬਾਬਾ ਨਾਨਕ ਦੇ ਖੇਤਾਂ ਵਿਚ ਪਏ ਤਿੰਨ ਪੈਕਟ ਹੈਰੋਇਨ ਮਿਲੇ ਸੀ।
ਜਿਸ ‘ਤੇ ਮੁਲਜ਼ਮ ਚਾਲਕ ਨੇ ਆਪਣੇ ਨਾਲ ਹੋਰ ਦੋ ਲੋਕਾਂ ਨੂੰ ਮਿਲਾ ਕੇ ਇਹ ਹੈਰੋਇਨ ਨੌਜਵਾਨਾਂ ਨੂੰ ਵੇਚਣੀ ਸ਼ੁਰੂ ਕਰ ਦਿੱਤੀ ਅਤੇ 6 ਮਹੀਨੇ ’ਚ ਲਗਭਗ 2 ਕਿਲੋ ਹੈਰੋਇਨ ਨਸ਼ੇੜੀਆਂ ਨੂੰ ਵੇਚ ਦਿੱਤੀ। ਬਾਕੀ 1 ਕਿਲੋ 40 ਗ੍ਰਾਮ ਹੈਰੋਇਨ ਵੇਚਣ ਲਈ ਉਹ ਗ੍ਰਾਹਕ ਦੀ ਤਲਾਸ਼ ਕਰ ਰਹੇ ਸਨ ਪਰ ਨਾਕੇਬੰਦੀ ਦੌਰਾਨ ਇਹ ਪੁਲਿਸ ਦੇ ਹੱਥੇ ਚੜ ਗਏ। ਪੁਲਿਸ ਵਲੋਂ ਕੀਤੀ ਗਈ ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਆਪਣੀ ਪਹਿਚਾਣ ਕੁਲਦੀਪ ਮਸੀਹ ਉਰਫ਼ ਗੋਰੀ ਪੁੱਤਰ ਮਿੰਦਾ ਮਸੀਹ ਵਾਸੀ ਬੱਬਰੀ , ਸੰਦੀਪ ਮਸੀਹ ਉਰਫ਼ ਕਾਲੀ ਪੁੱਤਰ ਇਲੀਆਸ ਮਸੀਹ ਵਾਸੀ ਪਿੰਡ ਲੇਹਲ ਅਤੇ ਰਮਨ ਮਸੀਹ ਪੁੱਤਰ ਪੀਟਰ ਮਸੀਹ ਵਾਸੀ ਪਿੰਡ ਬੱਬਰੀ ਦੱਸੀ ਹੈ ਜੌ ਕੀ ਹੈਰੋਇਨ ਵੇਚਣ ਲਈ ਕਿਸੇ ਗ੍ਰਾਹਕ ਦੀ ਤਲਾਸ਼ ਕਰ ਰਹੇ ਸਨ।
ਜਾਣਕਾਰੀ ਦਿੰਦਿਆਂ ਐਸ ਐਸ ਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਦੇ ਇੰਚਾਰਜ਼ ਅਮਨਦੀਪ ਸਿੰਘ ਅਤੇ ਸੀ.ਆਈ.ਏ ਸਟਾਫ਼ ਦੇ ਇੰਚਾਰਜ਼ ਕਪਿਲ ਕੌਂਸਲ ਦੀ ਅਗਵਾਈ ਵਿਚ ਪੁਲਸ ਪਾਰਟੀ ਵਲੋਂ ਨਬੀਪੁਰ-ਬੱਬਰੀ ਬਾਈਪਾਸ ਸੜਕ ਤੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾਂ ਰਹੀ ਸੀ। ਇਸ ਦੌਰਾਨ ਇਕ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਜਦੋਂ ਉਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਉਹਨਾਂ ਕੋਲੋ ਇਕ ਪਲਾਸਟਿਕ ਲਿਫਾਫਾ ਦੇਖਿਆ ਗਿਆ। ਜਾਂਚ ਕਰਨ ‘ਤੇ ਉਸ ਵਿਚੋਂ 1 ਕਿਲੋ 40 ਗ੍ਰਾਮ ਹੈਰੋਇਨ ਬਰਾਮਦ ਹੋਣ ’ਤੇ ਤਿੰਨਾਂ ਮੁਲਜ਼ਮਾਂ ਨੂੰ ਐੱਨ.ਡੀ.ਪੀ.ਐੱਸ ਐਕਟ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਹਨਾਂ ਫੜੇ ਗਏ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਇਹਨਾਂ ਦੇ ਕੋਲੋਂ ਅਗਲੀ ਪੁਛਗਿੱਛ ਕੀਤੀ ਜਾ ਸਕੇ।