ਨਵੀਂ ਦਿੱਲੀ, 11 ਅਪ੍ਰੈਲ, 2022 – ਕੈਨੇਡਾ ‘ਚ ਕੀਰਤਨ ਕਰਨ ਗਏ SGPC ਦੇ ਤਿੰਨ ਮੁਲਾਜ਼ਮਾਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਸਲ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਮੁਲਾਜ਼ਮਾਂ ਨੂੰ ਕੈਨੇਡਾ ਦੇ ਇਕ ਗੁਰਦੁਆਰਾ ਸਾਹਿਬ ਵਿਚ ਕੀਰਤਨ ਕਰਨ ਲਈ ਬੁਲਾਇਆ ਗਿਆ ਸੀ। ਪਰ ਇਹ ਤਿੰਨੋ ਮੁਲਾਜ਼ਮ ਕੈਨੇਡਾ ਪਹੁੰਚਣ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਆਪਣੇ ਸਮਾਨ ਸਮੇਤ ਗਾਇਬ ਹੋ ਗਏ। ਜਿਸ ਮਗਰੋਂ ਸਥਾਨਕ ਗੁਰਦੁਆਰਾ ਕਮੇਟੀ ਨੇ ਪੁਲਿਸ ਕੋਲ SGPC ਦੇ ਤਿੰਨਾਂ ਮੁਲਾਜ਼ਮਾਂ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਤਿੰਨਾਂ SGPC ਦੇ ਮੁਲਾਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਰਾਮਪੁਰਾ, ਸਤਨਾਮ ਸਿੰਘ ਤੇ ਤੇਜਿੰਦਰ ਸਿੰਘ ਵੱਜੋਂ ਹੋਈ ਹੈ। ਇਹ 5 ਅਪ੍ਰੈਲ ਦੀ ਏਅਰ ਇੰਡੀਆ ਦੀ ਫਲਾਈਟ ’ਤੇ ਟੋਰਾਂਟੋ ਪਹੁੰਚੇ ਸਨ। ਇਹਨਾਂ ਤਿੰਨਾਂ ਨੂੰ ਸਿੱਖ ਸਪਿਰਚੁਅਲ ਸੈਂਟਰ ਨਾਂਅ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਕੀਰਤਨ ਵਾਸਤੇ ਕੈਨੇਡਾ ਸੱਦਿਆ ਸੀ। ਇਹਨਾਂ ਦੇ ਠਹਿਰਨ ਦਾ ਪ੍ਰਬੰਧ ਵੀ ਗੁਰਦੁਆਰਾ ਕਮੇਟੀ ਵੱਲੋਂ ਕੀਤਾ ਗਿਆ ਸੀ। ਇਸ ਬਾਰੇ ਪੁਲਿਸ ਤੋਂ ਇਲਾਵਾ ਹੋਰ ਵਿਭਾਗਾਂ ਨੂੰ ਵੀ ਸੂਚਿਤ ਕੀਤਾ ਗਿਆ ਹੈ ਤਾਂ ਜੋ ਉਹ ਅਮਰੀਕਾ ਨਾ ਭੱਜ ਸਕਣ। ਇਸ ਬਾਰੇ ਸ਼੍ਰੋਮਣੀ ਕਮੇਟੀ ਨੂੰ ਵੀ ਇਤਲਾਹ ਕਰ ਦਿੱਤੀ ਗਈ ਹੈ।