- ADGP ਛੀਨਾ 31 ਦਸੰਬਰ ਨੂੰ ਹੋਏ ਸੀ ਸੇਵਾਮੁਕਤ
- ਹੁਣ SIT ਦੇ ਡੀਆਈਜੀ ਭੁੱਲਰ ਇੰਚਾਰਜ ਹਨ
ਪਟਿਆਲਾ, 16 ਜਨਵਰੀ 2024 – ਡਰੱਗਜ਼ ਮਾਮਲੇ ‘ਚ ਨਵਾਂ ਨੋਟਿਸ ਮਿਲਣ ਤੋਂ ਬਾਅਦ ਪੰਜਾਬ ‘ਚ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਅੱਜ ਫਿਰ ਤੋਂ ਜਾਂਚ ਕਮੇਟੀ (ਐਸਆਈਟੀ) ਸਾਹਮਣੇ ਪੇਸ਼ ਹੋਣ ਜਾ ਰਹੇ ਹਨ। ਨਵੀਂ SIT ਦੇ ਗਠਨ ਤੋਂ ਬਾਅਦ ਬਿਕਰਮ ਮਜੀਠੀਆ ਦੀ ਇਹ ਪਹਿਲੀ ਪੇਸ਼ੀ ਹੈ। ਉਹ ਪੁਰਾਣੀ ਐਸਆਈਟੀ ਦੇ ਸਾਹਮਣੇ ਤਿੰਨ ਵਾਰ ਪੇਸ਼ ਹੋਏ। ਪਹਿਲੀ ਐਸਆਈਟੀ ਦੀ ਜ਼ਿੰਮੇਵਾਰੀ ਏਡੀਜੀਪੀ ਐਮਐਸ ਛੀਨਾ ਕੋਲ ਸੀ ਅਤੇ ਉਹ 31 ਦਸੰਬਰ ਨੂੰ ਸੇਵਾਮੁਕਤ ਹੋਏ ਸਨ।
ਨਵੀਂ ਐਸਆਈਟੀ ਦੀ ਜ਼ਿੰਮੇਵਾਰੀ ਪਟਿਆਲਾ ਰੇਂਜ ਦੇ ਡੀਆਈਜੀ ਐਚਐਸ ਭੁੱਲਰ ਨੂੰ ਦਿੱਤੀ ਗਈ ਹੈ। ਸਰਕਾਰ ਨੇ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਐਸਆਈਟੀ ਦਾ ਪੁਨਰਗਠਨ ਕੀਤਾ ਸੀ। ਡੀਆਈਜੀ ਭੁੱਲਰ ਤੋਂ ਇਲਾਵਾ ਐਸਆਈਟੀ ਵਿੱਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਅਤੇ ਧੂਰੀ ਦੇ ਐਸਪੀ ਯੋਗੇਸ਼ ਸ਼ਰਮਾ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਮਜੀਠੀਆ ਨੂੰ 27 ਦਸੰਬਰ ਨੂੰ ਬੁਲਾਇਆ ਗਿਆ ਸੀ, ਪਰ ਉਹ ਨਾਕਾਫ਼ੀ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਪੇਸ਼ ਨਹੀਂ ਹੋਏ ਸਨ। ਜਿਸ ਤੋਂ ਬਾਅਦ ਪੁਰਾਣੀ ਐਸਆਈਟੀ ਨੇ 30 ਦਸੰਬਰ ਨੂੰ ਉਸ ਨੂੰ ਦੁਬਾਰਾ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਸੀ ਅਤੇ ਕਰੀਬ ਸਾਢੇ 4 ਘੰਟੇ ਤੱਕ ਪੁੱਛਗਿੱਛ ਕੀਤੀ ਗਈ।
ਸਾਲ 2013 ‘ਚ ਪੰਜਾਬ ਪੁਲਿਸ ਨੇ ਪਹਿਲਵਾਨ ਜਗਦੀਸ਼ ਸਿੰਘ ਭੋਲਾ ਨੂੰ 6 ਹਜ਼ਾਰ ਕਰੋੜ ਰੁਪਏ ਦੇ ਡਰੱਗ ਤਸਕਰੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ। ਫਿਰ ਮੋਹਾਲੀ ਅਦਾਲਤ ਦੇ ਬਾਹਰ ਪੇਸ਼ੀ ਦੌਰਾਨ ਜਗਦੀਸ਼ ਭੋਲਾ ਨੇ ਬਿਕਰਮ ਮਜੀਠੀਆ ਦਾ ਨਾਂ ਲੈ ਕੇ ਦੋਸ਼ ਲਾਏ ਸਨ। ਹਾਲਾਂਕਿ, ਉਸ ਸਮੇਂ ਇਸ ਮਾਮਲੇ ਵਿੱਚ ਕੁਝ ਨਹੀਂ ਹੋਇਆ ਸੀ।
ਇਸ ਤੋਂ ਬਾਅਦ ਜਦੋਂ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਐਸਟੀਐਫ ਦਾ ਗਠਨ ਕੀਤਾ ਗਿਆ। ਉਨ੍ਹਾਂ ਨੇ ਇਸ ਮਾਮਲੇ ‘ਤੇ ਸਾਲ 2018 ‘ਚ ਸਰਕਾਰ ਨੂੰ ਰਿਪੋਰਟ ਦਿੱਤੀ ਸੀ। ਇਸ ਵਿੱਚ ਮਜੀਠੀਆ ਦਾ ਨਾਂ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਉਸ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੋਇਆ।
2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਤਿੰਨ ਮਹੀਨੇ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ ਮਜੀਠੀਆ ਖ਼ਿਲਾਫ਼ ਸਟੇਟ ਕ੍ਰਾਈਮ ਬ੍ਰਾਂਚ ਵਿੱਚ ਐਨਡੀਪੀਏ ਐਕਟ ਦੀਆਂ ਧਾਰਾਵਾਂ 25, 27ਏ ਅਤੇ 29 ਤਹਿਤ ਕੇਸ ਦਰਜ ਕੀਤਾ ਗਿਆ ਸੀ। 2018 ਦੀ ਰਿਪੋਰਟ ਦੇ ਆਧਾਰ ‘ਤੇ.. 49 ਪੰਨਿਆਂ ਦੀ ਐਫਆਈਆਰ ਵਿੱਚ ਉਸ ਉੱਤੇ ਗੰਭੀਰ ਦੋਸ਼ ਲਾਏ ਗਏ ਸਨ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ 20 ਦਸੰਬਰ 2021 ਨੂੰ ਐਨਡੀਪੀਐਸ ਐਕਟ ਤਹਿਤ ਮੋਹਾਲੀ ਵਿੱਚ ਬਿਕਰਮ ਸਿੰਘ ਮਜੀਠੀਆ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਮਜੀਠੀਆ ਨੂੰ ਚੋਣ ਲੜਨ ਤੱਕ ਉਸ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਕੇ ਵੱਡੀ ਰਾਹਤ ਦਿੱਤੀ ਸੀ। ਕੇਸ ਦਰਜ ਹੋਣ ਮਗਰੋਂ ਮਜੀਠੀਆ ਨੇ ਅੰਮ੍ਰਿਤਸਰ ਤੋਂ ਚੋਣ ਲੜੀ ਸੀ, ਪਰ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਵੋਟਿੰਗ ਤੋਂ ਬਾਅਦ ਮਜੀਠੀਆ ਨੇ 24 ਫਰਵਰੀ ਨੂੰ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਫਿਲਹਾਲ ਮਜੀਠੀਆ 10 ਅਗਸਤ 2022 ਤੋਂ ਜ਼ਮਾਨਤ ‘ਤੇ ਬਾਹਰ ਹੈ।