- 1160 ਜਵਾਨ ਤਾਇਨਾਤ
ਲੁਧਿਆਣਾ, 2 ਜੁਲਾਈ 2023 – ਲੁਧਿਆਣਾ ਵਿੱਚ ਇਨਫੋਰਸਮੈਂਟ ਅਫਸਰ (ਈਓ), ਲੇਖਾ ਅਫਸਰ (ਏਓ) ਅਤੇ ਸਹਾਇਕ ਪ੍ਰਾਵੀਡੈਂਟ ਫੰਡ ਅਫਸਰ ਦੇ ਅਹੁਦਿਆਂ ਲਈ ਪ੍ਰੀਖਿਆ ਅੱਜ 42 ਕੇਂਦਰਾਂ ਵਿੱਚ ਹੋਵੇਗੀ। ਪ੍ਰੀਖਿਆ ਲਈ 13,000 ਤੋਂ ਵੱਧ ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈ ਹੈ। ਇਹ ਪ੍ਰੀਖਿਆ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੁਆਰਾ ਕਰਵਾਈ ਜਾ ਰਹੀ ਹੈ।
ਇਮਤਿਹਾਨ ਸਵੇਰ ਅਤੇ ਦੁਪਹਿਰ ਦੀਆਂ ਸ਼ਿਫਟਾਂ ਵਿੱਚ ਲਿਆ ਜਾਵੇਗਾ। EO (ਇਨਫੋਰਸਮੈਂਟ ਅਫਸਰ) ਅਤੇ (AO) ਲੇਖਾ ਅਫਸਰ ਲਈ ਪ੍ਰੀਖਿਆ ਸਵੇਰੇ 9:30 ਤੋਂ 11:30 ਵਜੇ ਤੱਕ ਹੋਵੇਗੀ। ਦੂਜੇ ਪਾਸੇ ਸਹਾਇਕ ਪ੍ਰਾਵੀਡੈਂਟ ਫੰਡ ਅਫਸਰ ਦੀ ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ।
ਵਿਸ਼ੇਸ਼ ਯੋਗਤਾਵਾਂ ਵਾਲੇ ਉਮੀਦਵਾਰਾਂ ਲਈ ਸਰਕਾਰੀ ਕਾਲਜ ਫ਼ਾਰ ਗਰਲਜ਼ ਵਿਖੇ ਸੈਂਟਰ ਬਣਾਇਆ ਗਿਆ ਹੈ, ਹੋਰ ਸੈਂਟਰ ਜਿੱਥੇ ਪ੍ਰੀਖਿਆ ਲਈ ਜਾਵੇਗੀ, ਉਹ ਹਨ ਸਤੀਸ਼ ਚੰਦਰ ਧਵਨ ਕਾਲਜ, ਆਰੀਆ ਕਾਲਜ, ਐੱਸ.ਡੀ.ਪੀ. ਕਾਲਜ ਫ਼ਾਰ ਵੂਮੈਨ, ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਰੋਡ, ਆਰ.ਐੱਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ, ਗੁਜਰਾਂਵਾਲਾ ਖਾਲਸਾ ਕਾਲਜ, ਪੁਲਿਸ ਡੀ.ਏ.ਵੀ ਸਕੂਲ ਆਦਿ ਸ਼ਾਮਲ ਹਨ।

ਅਧਿਕਾਰੀਆਂ ਵੱਲੋਂ ਕੇਂਦਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ ਨੇ ਦੱਸਿਆ ਕਿ ਪ੍ਰੀਖਿਆ ਵਾਲੇ ਦਿਨ 1160 ਕਰਮਚਾਰੀ ਡਿਊਟੀ ‘ਤੇ ਹੋਣਗੇ | ਉਨ੍ਹਾਂ ਕਿਹਾ ਕਿ ਹਰੇਕ ਕੇਂਦਰ ‘ਤੇ ਇਕ ਸੁਪਰਵਾਈਜ਼ਰ ਡਿਊਟੀ ‘ਤੇ ਰਹੇਗਾ। ਚੌਕਸੀ ਰੱਖਣ ਲਈ ਹਰੇਕ ਕੇਂਦਰ ‘ਤੇ ਪੰਜ ਪੁਲਿਸ ਅਧਿਕਾਰੀਆਂ ਦੇ ਨਾਲ ਇੱਕ ਨਿਰੀਖਣ ਅਧਿਕਾਰੀ ਡਿਊਟੀ ‘ਤੇ ਰਹੇਗਾ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਮੋਬਾਈਲ ਫ਼ੋਨ ਅਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਾਰੇ ਕੇਂਦਰਾਂ ਵਿੱਚ ਸੈੱਲ ਫੋਨ ਜੈਮਰ ਅਤੇ ਨਿਰਵਿਘਨ ਬਿਜਲੀ ਸਪਲਾਈ ਹੋਵੇਗੀ। ਉਮੀਦਵਾਰਾਂ ਨੂੰ ਸਵੇਰੇ ਅਤੇ ਦੁਪਹਿਰ ਸਮੇਂ ਹੋਣ ਵਾਲੀ ਪ੍ਰੀਖਿਆ ਤੋਂ ਇੱਕ ਘੰਟਾ ਪਹਿਲਾਂ ਆਪਣੇ ਈ-ਐਡਮਿਟ ਕਾਰਡ ਨਾਲ ਆਉਣਾ ਹੋਵੇਗਾ।
