ਗੁਰਦਾਸਪੁਰ, 17 ਅਗਸਤ 2024 – ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ‘ਤੇ ਸ਼ੁੱਕਰਵਾਰ ਨੂੰ ਇਕ ਟਰੈਕਟਰ ਪਲਟ ਗਿਆ, ਜਿਸ ਕਾਰਨ ਪ੍ਰਭਜੋਤ ਸਿੰਘ ਜ਼ਖਮੀ ਹੋ ਗਿਆ। ਪੁਲਿਸ ਮੁਤਾਬਕ ਟਰੈਕਟਰ ‘ਤੇ 5 ਲੋਕ ਸਵਾਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਟਰੈਕਟਰ ’ਤੇ ਸਟੰਟ ਕਰ ਰਹੇ ਸਨ ਜਦੋਂ ਟਰੈਕਟਰ ਪਲਟ ਗਿਆ।
ਟਰੈਕਟਰ ਦੇ ਪਰਖੱਚੇ ਉੱਡ ਗਏ। ਪੁਲਿਸ ਨੇ ਦੱਸਿਆ ਕਿ ਨੌਜਵਾਨ ਨੇ ਸ਼ਰਾਬ ਪੀਤੀ ਹੋਈ ਸੀ। ਇਨ੍ਹਾਂ ਵਿਅਕਤੀਆਂ ਕੋਲੋਂ ਇੱਕ ਤਲਵਾਰ ਵੀ ਬਰਾਮਦ ਹੋਈ ਹੈ, ਜਿਸ ਨੂੰ ਕਬਜ਼ੇ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਟਰੈਕਟਰ ‘ਤੇ ਸਵਾਰ ਨੌਜਵਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੱਸ ਸਟੈਂਡ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਸਾਹਮਣੇ ਤੋਂ ਇਕ ਬੱਸ ਆ ਗਈ, ਜਿਸ ਕਾਰਨ ਟਰੈਕਟਰ ਆਪਣਾ ਸੰਤੁਲਨ ਗੁਆ ਬੈਠਾ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਗੱਡੀ ਸਮੇਤ ਮੌਕੇ ਤੇ ਪਹੁੰਚੇ ਅਤੇ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ।
ਇਸ ਹਾਦਸੇ ਵਿੱਚ ਪ੍ਰਭਜੋਤ ਸਿੰਘ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਨੇ ਦੱਸਿਆ ਕਿ ਉਸ ਨੇ ਕੋਈ ਵੀ ਨਸ਼ਾ ਨਹੀਂ ਕੀਤਾ ਹੈ। ਟਰੈਕਟਰ ਵਿੱਚੋਂ ਮਿਲੀ ਤਲਵਾਰ ਉਸ ਨੇ ਆਪਣੀ ਸੁਰੱਖਿਆ ਲਈ ਰੱਖੀ ਹੋਈ ਸੀ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਡ ਸੇਫਟੀ ਫੋਰਸ ਦੇ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ‘ਤੇ ਇਕ ਟਰੈਕਟਰ ਪਲਟ ਗਿਆ ਹੈ, ਜਿਸ ‘ਤੇ ਪੰਜ ਨੌਜਵਾਨ ਸਵਾਰ ਸਨ। ਜਦੋਂ ਉਨ੍ਹਾਂ ਨੇ ਉਥੇ ਜਾ ਕੇ ਦੇਖਿਆ ਤਾਂ ਟਰੈਕਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਅਤੇ ਟਰੈਕਟਰ ‘ਤੇ ਬੈਠਾ ਇਕ ਨੌਜਵਾਨ ਪ੍ਰਭਜੋਤ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਐਂਬੂਲੈਂਸ ਬੁਲਾ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਇਨ੍ਹਾਂ ‘ਚੋਂ ਇਕ ਨੌਜਵਾਨ ਜੋ ਹਰਪ੍ਰੀਤ ਸਿੰਘ ਪਿੰਡ ਸਾਹਰੀ ਦਾ ਰਹਿਣ ਵਾਲਾ ਹੈ, ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਏ.ਐੱਸ.ਆਈ ਨੇ ਦੱਸਿਆ ਕਿ ਕੁਝ ਲੜਕਿਆਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਨ੍ਹਾਂ ਕੋਲੋਂ ਟਰੈਕਟਰ ‘ਚੋਂ ਇਕ ਤਲਵਾਰ ਵੀ ਬਰਾਮਦ ਹੋਈ ਹੈ, ਜਿਸ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਮਾਮਲੇ ਦੀ ਸੂਚਨਾ ਸੰਬੰਧਿਤ ਪੁਲਿਸ ਥਾਣਾ ਸਿਟੀ ਨੂੰ ਦੇ ਦਿੱਤੀ ਗਈ ਹੈ ਅਤੇ ਜੇਕਰ ਕੋਈ ਸ਼ਿਕਾਇਤ ਕਰਦਾ ਹੈ ਤਾਂ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।