- ਮਾਫੀਆ ਖ਼ਿਲਾਫ਼ ਕਾਰਵਾਈ ਤੋਂ ਧਿਆਨ ਭਟਕਾਉਣ ਲਈ ਰਿਵਾਇਤੀ ਪਾਰਟੀਆਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀਆਂ ਕਰ ਰਹੀਆਂ ਕੋਸ਼ਿਸ਼: ਮਾਲਵਿੰਦਰ ਸਿੰਘ ਕੰਗ
ਚੰਡੀਗੜ੍ਹ, 30 ਅਪ੍ਰੈਲ 2022 – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਟਿਆਲਾ ਵਿੱਚ ਦੋ ਸਮੂਹਾਂ ਦੌਰਾਨ ਹੋਈ ਸੰਪਰਦਾਇਕ ਝੜਪ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਮੰਦਭਾਗਾ ਦੱਸਿਆ ਹੈ। ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਇਸ ਘਟਨਾ ਲਈ ਵਿਰੋਧੀ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਸ਼ਿਵ ਸੈਨਾ ਜਿਹੀਆਂ ਰਿਵਾਇਤੀ ਪਾਰਟੀਆਂ ਪੰਜਾਬ ਦਾ ਭਾਈਚਾਰਕ ਮਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਹਿਤੈਸ਼ੀ ਫ਼ੈਸਲਿਆਂ ਅਤੇ ਮਾਫੀਆ ਖ਼ਿਲਾਫ਼ ਕਾਰਵਾਈ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ।
ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਲਗਾਤਾਰ ਲੋਕ ਹਿਤੈਸ਼ੀ ਫ਼ੈਸਲੇ ਲੈ ਰਹੀ ਹੈ, ਦੂਜੇ ਪਾਸੇ ਮਾਫੀਆ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰ ਰਹੀ ਹੈ। ਵਿਰੋਧੀ ਪਾਰਟੀਆਂ, ਜਿਨਾਂ ਨੇ 75 ਸਾਲਾਂ ਤੱਕ ਪੰਜਾਬ ਦੇ ਲੋਕਾਂ ਲਈ ਕੁੱਝ ਨਹੀਂ ਕੀਤਾ, ਇਹ ਸਭ ਸਹਿਣ ਨਹੀਂ ਕਰ ਪਾ ਰਹੀਆਂ ਕਿ ਇੱਕ ਆਮ ਪਰਿਵਾਰ ਤੋਂ ਆਉਣ ਵਾਲਾ ਵਿਅਕਤੀ ਕਿਵੇਂ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਅਤੇ ਲਗਾਤਾਰ ਲੋਕ ਕਲਿਆਣ ਦੇ ਫ਼ੈਸਲੇ ਕਰ ਰਿਹਾ ਹੈ। ਮਾਨ ਸਰਕਾਰ ਦੇ ਕੰਮ ’ਚ ਅੜਕਿਆ ਪਾਉਣ ਲਈ ਇਹ ਲੋਕ ਰਾਜ ਦੇ ਆਪਸੀ ਭਾਈਚਾਰੇ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁੱਦ ਇਸ ਮਾਮਲੇ ’ਤੇ ਨਜ਼ਰ ਰੱਖ ਰਹੇ ਹਨ। ਜਿਹੜੇ ਵੀ ਲੋਕ ਦੋਸ਼ੀ ਹੋਣਗੇ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਬਦੌਲਤ ਅੱਜ ਜਿਨਾਂ ਲੋਕਾਂ ਦੀਆਂ ਰਾਜਨੀਤਿਕ ਦੁਕਾਨਾਂ ਬੰਦ ਹੋ ਗਈਆਂ ਹਨ, ਉਹ ਲੋਕ ਹੀ ਇਸ ਘਟਨਾ ਦੇ ਪਿਛੇ ਹਨ। ਪਰ ਪੰਜਾਬ ਦੇ ਲੋਕ ਉਨ੍ਹਾਂ ਦੀ ਘਟੀਆ ਰਾਜਨੀਤੀ ਤੋਂ ਚੰਗੀ ਤਰ੍ਹਾਂ ਜਾਣੂੰ ਹਨ। ਅਜਿਹੇ ਵਿਰੋਧੀ ਤੱਤ ਪੰਜਾਬ ’ਚ ਕਦੇ ਸਫ਼ਲ ਨਹੀਂ ਹੋ ਸਕਣਗੇ।
‘ਆਪ’ ਆਗੂ ਨੇ ਕਿਹਾ ਕਿ ਇਸ ਮਾਮਲੇ ’ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਸਗੋਂ ਵਿਰੋਧੀ ਪਾਰਟੀਆਂ ਨੂੰ ਪੰਜਾਬ ਨੂੰ ਭ੍ਰਿਸ਼ਟਾਚਾਰ ਅਤੇ ਮਾਫੀਆ ਤੋਂ ਮੁਕਤ ਕਰਾਉਣ ਦੀ ਮੁਹਿੰਮ ’ਚ ਮਾਨ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਪੰਜਾਬ ’ਚ ਭਾਈਚਾਰਕ ਸਾਂਝ ਕਾਇਮ ਰੱਖਣਾ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਆਮ ਆਦਮੀ ਪਾਰਟੀ ਦੀ ਮੁੱਢਲੀ ਜ਼ਿੰਮੇਵਾਰੀ ਹੈ ਅਤੇ ਕੋਈ ਵੀ ਪੰਜਾਬ ਵਿਰੋਧੀ ਤਾਕਤ ਸਰਕਾਰ ਨੂੰ ਅਜਿਹੇ ਕੰਮ ਕਰਨ ਤੋਂ ਨਹੀਂ ਰੋਕ ਸਕੇਗੀ।