- ਗਿਣਤੀ ਕੇਂਦਰਾਂ ‘ਤੇ ਕਰੀਬ 1170 ਕਰਮਚਾਰੀ ਤੇ ਅਧਿਕਾਰੀ ਕੀਤੇ ਜਾਣਗੇ ਤਾਇਨਾਤ : ਘਨਸ਼ਿਆਮ ਥੋਰੀ
- ਰਿਟਰਨਿੰਗ ਅਫ਼ਸਰਾਂ ਨੂੰ ਕੋਵਿਡ ਸਬੰਧੀ ਢੁੱਕਵੇਂ ਵਿਵਹਾਰ ਦੀ ਸਖ਼ਤੀ ਨਾਲ ਪਾਲਣਾ ਸਮੇਤ ਗਿਣਤੀ ਲਈ ਸਮੁੱਚੇ ਲੋੜੀਂਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ
ਜਲੰਧਰ, 3 ਮਾਰਚ 2022 – ਜ਼ਿਲ੍ਹੇ ਵਿੱਚ 20 ਫ਼ਰਵਰੀ ਨੂੰ ਮੁਕੰਮਲ ਹੋਈ ਵੋਟਿੰਗ ਪ੍ਰਕਿਰਿਆ ਤੋਂ ਬਾਅਦ 10 ਮਾਰਚ, 2022 ਨੂੰ ਵੋਟਾਂ ਦੀ ਗਿਣਤੀ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੁੱਚੇ 9 ਵਿਧਾਨ ਸਭਾ ਹਲਕਿਆਂ ਦੇ ਗਿਣਤੀ ਅਮਲੇ ਲਈ ਸਿਖਲਾਈ ਸੈਸ਼ਨ ਕਰਵਾਇਆ ਗਿਆ।
ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਮੁੱਚੇ 9 ਗਿਣਤੀ ਕੇਂਦਰਾਂ ਵਿੱਚ 1170 ਦੇ ਕਰੀਬ ਕਰਮਚਾਰੀ ਤੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ, ਜਿਨ੍ਹਾਂ ਵਿੱਚ 540 ਗਿਣਤੀ ਸਟਾਫ਼ ਅਤੇ ਰਿਟਰਨਿੰਗ ਅਫਸਰਾਂ ਨਾਲ ਸਬੰਧਤ 630 ਕਰਮੀ ਸ਼ਾਮਲ ਹਨ।
ਡਿਪਟੀ ਕਮਿਸ਼ਨਰ, ਜਿਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਅਮਰਜੀਤ ਬੈਂਸ ਵੀ ਮੌਜੂਦ ਸਨ, ਨੇ ਦੱਸਿਆ ਕਿ ਸਰਕਾਰੀ ਮੈਰੀਟੋਰੀਅਸ ਸਕੂਲ, ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਅਤੇ ਦਫ਼ਤਰ, ਡਾਇਰੈਕਟਰ ਲੈਂਡ ਰਿਕਾਰਡ ਵਿਖੇ ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ, ਜਿੱਥੇ ਗਿਣਤੀ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਇਸ ਵਾਰ ਹਰੇਕ ਵਿਧਾਨ ਸਭਾ ਹਲਕੇ ਲਈ ਦੋ ਗਿਣਤੀ ਹਾਲ ਬਣਾਏ ਗਏ ਹਨ ਤਾਂ ਜੋ ਕੋਵਿਡ ਸਬੰਧੀ ਢੁੱਕਵੇਂ ਵਿਵਹਾਰ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਹਰੇਕ ਹਾਲ ਵਿੱਚ 7 ਮੇਜ ਹੋਣਗੇ ਤੇ ਇਨ੍ਹਾਂ ਮੇਜਾਂ ‘ਤੇ ਕਾਊਂਟਿੰਗ ਸੁਪਰਵਾਈਜ਼ਰ, ਕਾਊਂਟਿੰਗ ਅਸਿਸਟੈਂਟ ਅਤੇ ਮਾਈਕਰੋ ਅਬਜ਼ਰਵਰ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਗਿਣਤੀ ਕੇਂਦਰਾਂ ’ਤੇ ਉਮੀਦਵਾਰ ਜਾਂ ਉਨ੍ਹਾਂ ਦੇ ਪ੍ਰਤੀਨਿਧ ਜਾਂ ਗਿਣਤੀ ਏਜੰਟਾਂ ਸਮੇਤ ਕਿਸੇ ਨੂੰ ਵੀ ਮੋਬਾਇਲ ਲਿਜਾਣ ਦੀ ਆਗਿਆ ਨਹੀਂ ਹੋਵੇਗੀ। ਹਰੇਕ ਰਾਊਂਡ ਦੀ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਹੀ ਅਗਲੇ ਦੌਰ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਹਰੇਕ ਰਾਊਂਡ ਦੀ ਜਾਣਕਾਰੀ ਚੋਣ ਕਮਿਸ਼ਨ ਦੀ ਵੈਬਸਾਈਟ ’ਤੇ ਨਾਲੋ-ਨਾਲ ਅਪਲੋਡ ਕੀਤੀ ਜਾਵੇਗੀ।
ਇਸ ਦੌਰਾਨ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਵੱਲੋਂ ਗਿਣਤੀ ਅਮਲੇ ਨੂੰ ਈ.ਵੀ.ਐਮਜ਼ ਤੋਂ ਗਿਣਤੀ ਕਰਨ ਦੀ ਸਮੁੱਚੀ ਪ੍ਰਕਿਰਿਆ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਗਿਣਤੀ ਸਬੰਧੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਈ.ਟੀ.ਪੀ.ਬੀ.ਐਸ ਅਤੇ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਬਾਰੇ ਵੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ।
ਇਸ ਮੌਕੇ ਸਹਾਇਕ ਕਮਿਸ਼ਨਰ (ਯੂ.ਟੀ.) ਓਜਸਵੀ ਅਲੰਕਾਰ, ਸਮੂਹ ਰਿਟਰਨਿੰਗ ਅਫ਼ਸਰ, ਸਹਾਇਕ ਰਿਟਰਨਿੰਗ ਅਫ਼ਸਰ, ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਆਦਿ ਮੌਜੂਦ ਸਨ।