- ਪੰਜਾਬ ਭਰ ਵਿੱਚ 12 ਤੋਂ 3 ਵਜੇ ਤੱਕ 3 ਘੰਟੇ ਰੇਲਾਂ ਰੋਕਣ ਦਾ ਐਲਾਨ
ਚੰਡੀਗੜ੍ਹ, 13 ਅਕਤੂਬਰ, 2024: ਪੰਜਾਬ ਦੀਆਂ ਮੰਡੀਆਂ ਵਿੱਚ ਰੁਲ਼ ਰਹੇ ਝੋਨੇ ਦੀ ਪੂਰੀ ਐੱਮ ਐੱਸ ਪੀ ‘ਤੇ ਖਰੀਦ ਅਤੇ ਨਾਲੋ ਨਾਲ ਚੁਕਾਈ ਦੇ ਦਿਨੋਂ ਦਿਨ ਵਿਗੜ ਰਹੇ ਮਸਲੇ ਅਤੇ ਝੋਨੇ ਦੀ ਖਰੀਦ ਅਤੇ ਚੁਕਾਈ ਦੇ ਮਸਲੇ ਨੂੰ ਲੈ ਕੇ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਅੱਜ 13 ਅਕਤੂਬਰ ਨੂੰ ਪੰਜਾਬ ਭਰ ਵਿੱਚ 12 ਤੋਂ 3 ਵਜੇ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਾਂਝੇ ਬਿਆਨ ਰਾਹੀਂ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਇਸ ਹੱਕੀ ਮੰਗ ਨੂੰ ਤੁਰੰਤ ਪੂਰਾ ਕੀਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸੰਸਾਰ ਬੈਂਕ ਦੀ ਖੁੱਲ੍ਹੀ ਮੰਡੀ ਦੀ ਨੀਤੀ ਵੱਲ ਅੱਗੇ ਵਧਣ ਲਈ ਹੀ ਕਿਸਾਨਾਂ ਦੀ ਲਹੂ ਪਸੀਨੇ ਦੀ ਕਮਾਈ ਪੈਰਾਂ ਹੇਠ ਰੋਲ਼ੀ ਜਾ ਰਹੀ ਹੈ। ਪੰਜਾਬ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਝੋਨੇ ਦੀ ਸਮੇਂ ਸਿਰ ਖਰੀਦ ਅਤੇ ਚੁਕਾਈ ਦੀ ਗੰਭੀਰ ਬਣ ਚੁੱਕੀ ਸਮੱਸਿਆ ਦੇ ਹੱਲ ਲਈ ਵਾਰ ਵਾਰ ਕੀਤੀ ਜਾ ਰਹੀ ਮੰਗ ਨੂੰ ਦੋਨਾਂ ਸਰਕਾਰਾਂ ਵੱਲੋਂ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਕਿਸਾਨ ਮੰਡੀਆਂ ਵਿੱਚ ਖਾਹਮਖਾਹ ਰੋਲ਼ੇ ਜਾ ਰਹੇ ਹਨ ਅਤੇ ਅਗਲੀ ਫ਼ਸਲ ਦੀ ਬਿਜਾਈ ਵਿੱਚ ਪਛੇਤ ਪਾਈ ਜਾ ਰਹੀ ਹੈ। ਕਿਸਾਨ ਆਗੂਆਂ ਵੱਲੋਂ ਪੰਜਾਬ ਦੇ ਸਮੂਹ ਝੋਨਾ ਉਤਪਾਦਕ ਕਿਸਾਨਾਂ ਅਤੇ ਇਨਸਾਫਪਸੰਦ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਰਕਾਰਾਂ ਦੀ ਇਸ ਕਿਸਾਨ ਵਿਰੋਧੀ ਨੀਤੀ ਨੂੰ ਪਛਾੜਨ ਲਈ ਭਲਕੇ 12 ਵਜੇ ਮਿਥੀਆਂ ਗਈਆਂ ਥਾਂਵਾਂ ਉੱਤੇ ਰੇਲਵੇ ਲਾਈਨਾਂ ‘ਤੇ ਹੁੰਮਹੁਮਾ ਕੇ ਪਹੁੰਚਿਆ ਜਾਵੇ। ਉਨ੍ਹਾਂ ਨੇ ਸਰਕਾਰਾਂ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਕਿਸਾਨਾਂ ਦੀ ਇਸ ਬਿਲਕੁਲ ਹੱਕੀ ਮੰਗ ਨੂੰ ਤੁਰੰਤ ਪੂਰਾ ਕਰਨ ਵਿੱਚ ਢਿੱਲਮੱਠ ਕਰਨ ਦੀ ਹਾਲਤ ਵਿੱਚ ਹੋਰ ਤਿੱਖੇ ਕਿਸਾਨ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।