ਚੰਡੀਗੜ੍ਹ, 22 ਮਾਰਚ 2022 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਵਿਧਾਨ ਸਭਾ ਨੇ ਪਿਛਲੇ ਇਜਲਾਸ ਤੋਂ ਬਾਅਦ ਵਿਛੜ ਚੁੱਕੀਆਂ ਉੱਘੀਆਂ ਸ਼ਖਸੀਅਤਾਂ, ਆਜ਼ਾਦੀ ਘੁਲਾਟੀਆਂ, ਸ਼ਹੀਦ ਸੈਨਿਕਾਂ ਤੋਂ ਇਲਾਵਾ ਸਿਆਸੀ ਹਸਤੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
16ਵੀਂ ਪੰਜਾਬ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿਚ ਸਦਨ ਨੇ ਪੰਜਾਬ ਦੇ ਸਾਬਕਾ ਰਾਜਪਾਲ ਜਨਰਲ ਸੁਨੀਥ ਫ੍ਰਾਸਿੰਸ ਰੌਡਰਿਗਜ਼, ਸਾਬਕਾ ਰਾਜ ਮੰਤਰੀ ਰਮੇਸ਼ ਦੱਤ ਸ਼ਰਮਾ, ਸਾਬਕਾ ਵਿਧਾਇਕ ਸੰਤ ਅਜੀਤ ਸਿੰਘ, ਸਾਬਕਾ ਵਿਧਾਇਕ ਤੇ ਸੁਤੰਤਰਤਾ ਸੰਗਰਾਮੀ ਹਰਬੰਸ ਸਿੰਘ ਅਤੇ ਅਥਲੀਟ ਤੇ ਅਦਾਕਾਰ ਪ੍ਰਵੀਨ ਕੁਮਾਰ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਦਨ ਨੇ ਬ੍ਰਿਗੇਡੀਅਰ ਐਲ.ਐਸ. ਲਿੱਧੜ ਜੋ ਆਈ.ਏ.ਐਫ. ਦਾ ਜਹਾਜ਼ ਹਾਦਸਾਗ੍ਰਸਤ ਹੋਣ ਨਾਲ ਸੀ.ਡੀ.ਐਸ. ਜਨਰਲ ਬਿਪਨ ਰਾਵਤ ਅਤੇ ਹੋਰ ਸੀਨੀਅਰ ਫੌਜੀ ਅਫਸਰਾਂ ਨਾਲ ਫੌਤ ਹੋ ਗਏ ਸਨ, ਅਸਾਮ ਵਿਚ ਗਸ਼ਤ ਦੌਰਾਨ ਜਾਨ ਨਿਛਾਵਰ ਕਰਨ ਵਾਲੇ ਬੀ.ਐਸ.ਐਫ. ਦੇ ਜਵਾਨ ਧਰਮਿੰਦਰ ਕੁਮਾਰ ਤੋਂ ਇਲਾਵਾ ਪ੍ਰੇਮ ਬੱਲਭ, ਅਰਜਨ ਸਿੰਘ, ਮੋਹਨ ਸਿੰਘ, ਗੋਪਾਲ ਸਿੰਘ, ਸ੍ਰੀਮਤੀ ਮੇਲੋ ਦੇਵੀ, ਧਰਮ ਸਿੰਘ, ਜਰਨੈਲ ਸਿੰਘ ਅਤੇ ਸੁਖਦੇਵ ਸਿੰਘ (ਸਾਰੇ ਆਜ਼ਾਦੀ ਘੁਲਾਟੀਏ) ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।
ਇਸੇ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਭਰਾ ਰਾਣਾ ਮਹਿੰਦਰਾ ਪ੍ਰਤਾਪ ਸਿੰਘ ਦਾ ਨਾਂ ਵੀ ਵਿਛੜ ਚੁੱਕੀਆਂ ਸ਼ਖਸੀਅਤਾਂ ਵਿਚ ਸ਼ਾਮਲ ਕਰਨ ਦਾ ਪ੍ਰਸਤਾਵ ਪੇਸ਼ ਕੀਤਾ।
ਇਸ ਦੌਰਾਨ ਸਤਿਕਾਰ ਵਜੋਂ ਵਿਛੜ ਚੁੱਕੀਆਂ ਹਸਤੀਆਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ।