ਲੁਧਿਆਣਾ, 1 ਮਈ 2022 – ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਲਾਡੋਵਾਲ ਹਾਰਡੀਜ਼ ਵਰਲਡ ਨੇੜੇ ਸ਼ਨੀਵਾਰ ਦੇਰ ਸ਼ਾਮ ਇੱਕ ਟਰੱਕ ਅਤੇ ਬਾਈਕ ਸਵਾਰ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਦੋ ਲੋਕ ਜ਼ਖਮੀ ਹੋ ਗਏ ਅਤੇ ਇਕ ਔਰਤ ਦੀ ਮੌਤ ਹੋ ਗਈ। ਟਰੱਕ ਨੂੰ ਜ਼ਬਤ ਕਰਕੇ ਦੋਸ਼ੀ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਟਰੱਕ ਬੇਕਾਬੂ ਹੋ ਗਿਆ ਸੀ, ਜਿਸ ਨੂੰ ਡਰਾਈਵਰ ਨਹੀਂ ਸੰਭਾਲ ਸਕਿਆ ਅਤੇ ਬਾਈਕ ‘ਤੇ ਜਾ ਰਹੇ ਲੋਕਾਂ ਨੂੰ ਕੁਚਲ ਦਿੱਤਾ। ਹਾਦਸਾ ਹੁੰਦੇ ਹੀ ਰਾਸ਼ਟਰੀ ਰਾਜ ਮਾਰਗ ‘ਤੇ ਜਾਮ ਲੱਗ ਗਿਆ। ਕਰੀਬ ਡੇਢ ਘੰਟੇ ਤੱਕ ਸੜਕ ’ਤੇ ਆਵਾਜਾਈ ਠੱਪ ਰਹੀ। ਪੁਲਸ ਥਾਣਾ ਲਾਡੋਵਾਲ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਜਾਮ ਖੁਲ੍ਹਵਾਇਆ ਗਿਆ।
ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਡਰਾਈਵਰ ਟਰੱਕ ਨੂੰ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ, ਜਿਸ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਬਾਈਕ ਨਾਲ ਟਕਰਾ ਗਿਆ। ਟੱਕਰ ਹੁੰਦੇ ਹੀ ਔਰਤ ਟਰੱਕ ਦੇ ਹੇਠਾਂ ਆ ਗਈ ਅਤੇ ਟਰੱਕ ਦੇ ਪਿਛਲੇ ਦੋ ਟਾਇਰ ਉਸ ‘ਤੇ ਚੜ੍ਹ ਗਏ। ਮ੍ਰਿਤਕਾ ਦੀ ਪਛਾਣ ਸਤਨਾਮ ਕੌਰ ਪਿੰਡ ਸ਼ੋਲੇ ਪੱਤੀ ਵਜੋਂ ਹੋਈ ਹੈ। ਇਸ ਦੇ ਨਾਲ ਹੀ ਜ਼ਖਮੀਆਂ ‘ਚ ਮ੍ਰਿਤਕਾ ਦਾ ਪਤੀ ਗੱਜਣ ਸਿੰਘ ਤੇ ਉਸ ਦਾ ਲੜਕਾ ਸ਼ਾਮਲ ਹੈ।
ਐਸਐਚਓ ਜਸਵੀਰ ਸਿੰਘ ਨੇ ਦੱਸਿਆ ਕਿ ਜਲੰਧਰ ਬਾਈਪਾਸ ਵਾਲੀ ਸਾਈਡ ਤੋਂ ਦੋ ਵਿਅਕਤੀਆਂ ਸਮੇਤ ਇੱਕ ਔਰਤ ਬਾਈਕ ’ਤੇ ਜਾ ਰਹੀ ਸੀ। ਜਿਵੇਂ ਹੀ ਉਹ ਹਾਰਡੀਜ਼ ਵਰਲਡ ਦੇ ਨੇੜੇ ਪਹੁੰਚੇ ਤਾਂ ਇੱਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਪਤੀ ਅਤੇ ਪੁੱਤਰ ਜ਼ਖਮੀ ਹੋ ਗਏ। ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲੀਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ।