ਖੰਨਾ, 21 ਜੁਲਾਈ 2023 – ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਪੈਟਰੋਲ ਪੰਪ ਨੇੜੇ ਤੋਂ ਟਰੱਕ ਚੋਰੀ ਹੋ ਗਿਆ। ਟਰੱਕ ਵਿੱਚ 18 ਲੱਖ ਰੁਪਏ ਦੀ ਕੀਮਤ ਦਾ ਸਰੀਆ ਲੱਦਿਆ ਹੋਇਆ ਸੀ। ਦੋ ਚੋਰਾਂ ਨੇ ਟਰੱਕ ਨੂੰ ਮਾਸਟਰ ਚਾਬੀ ਨਾਲ ਚੋਰੀ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ 8 ਕਿਲੋਮੀਟਰ ਦੀ ਦੂਰੀ ‘ਤੇ ਟਰੱਕ ਵਿੱਚ ਲੱਦਿਆ ਸਰੀਆ ਵੇਚਣ ਦੀ ਕੋਸ਼ਿਸ਼ ਕਰ ਰਹੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮਾਸਟਰਮਾਈਂਡ ਅਤੇ ਉਸ ਦੇ ਸਾਥੀ ਨੂੰ ਫੜ ਲਿਆ ਗਿਆ ਹੈ। ਇਨ੍ਹਾਂ ਕੋਲੋਂ ਟਰੱਕ ਅਤੇ ਸਰੀਆ ਦੋਵੇਂ ਬਰਾਮਦ ਹੋਏ ਹਨ।
ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਡਰਾਈਵਰ ਕੁਲਦੀਪ ਸਿੰਘ ਵਾਸੀ ਭੱਟੀਆਂ ਟਰੱਕ ਵਿੱਚ ਸਰੀਆ ਲੱਦ ਕੇ ਮੰਡੀ ਗੋਬਿੰਦਗੜ੍ਹ ਤੋਂ ਲੈ ਕੇ ਆਇਆ ਸੀ। ਸਰੀਆ ਲੁਧਿਆਣਾ ਛੱਡਣਾ ਸੀ। ਰਾਤ ਸਮੇਂ ਕੁਲਦੀਪ ਸਿੰਘ ਨੇ ਆਪਣੇ ਪਿੰਡ ਦੇ ਬਾਹਰ ਪੈਟਰੋਲ ਪੰਪ ਕੋਲ ਟਰੱਕ ਖੜ੍ਹਾ ਕਰ ਦਿੱਤਾ। ਉਥੋਂ ਟਰੱਕ ਚੋਰੀ ਹੋ ਗਿਆ। ਜਿਸ ਦੀ ਸ਼ਿਕਾਇਤ ਕੁਲਦੀਪ ਸਿੰਘ ਨੇ ਪੁਲਿਸ ਨੂੰ ਕੀਤੀ ਸੀ।
ਪੁਲੀਸ ਨੇ ਤੁਰੰਤ ਪੂਰੇ ਜ਼ਿਲ੍ਹੇ ਨੂੰ ਸੀਲ ਕਰ ਦਿੱਤਾ ਅਤੇ ਬੀਜਾ ਚੌਕ ਤੋਂ ਟਰੱਕ ਬਰਾਮਦ ਕਰ ਲਿਆ। ਫਰੀਦਾਬਾਦ ਦੇ ਰਹਿਣ ਵਾਲੇ ਤਰੁਣ ਸਿੰਘ ਅਤੇ ਉਸ ਦੇ ਸਾਥੀ ਅਸ਼ੋਕ ਕੁਮਾਰ ਵਾਸੀ ਬਿਹਾਰ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ।

ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਚੋਰੀ ਦਾ ਮਾਸਟਰ ਮਾਈਂਡ ਤਰੁਣ ਸਿੰਘ ਹੈ ਜੋ ਚਾਬੀਆਂ ਆਪਣੇ ਕੋਲ ਰੱਖਦਾ ਹੈ। ਮਾਸਟਰ-ਕੀ ਨਾਲ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਵਾਹਨ ਚੋਰੀ ਕਰਦਾ ਹੈ। ਤਰੁਣ ਸਿੰਘ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਅਜਿਹੇ 5 ਕੇਸ ਦਰਜ ਹਨ। ਤਰੁਣ ਨੇ ਮਾਸਟਰ ਚਾਬੀ ਤੋਂ ਹੀ ਸਰੀਆ ਨਾਲ ਭਰਿਆ ਟਰੱਕ ਚੋਰੀ ਕਰ ਲਿਆ ਸੀ। ਉਹ 2 ਮਿੰਟਾਂ ਵਿੱਚ ਚਾਬੀ ਲਗਾ ਕੇ ਟਰੱਕ ਲੈ ਕੇ ਭੱਜ ਗਿਆ। ਪੁਲਿਸ ਨੂੰ ਇਨ੍ਹਾਂ ਪਾਸੋਂ ਹੋਰ ਸੁਰਾਗ ਮਿਲਣ ਦੀ ਉਮੀਦ ਹੈ।
