ਚੰਡੀਗੜ੍ਹ, 27 ਮਈ 2025 – ਚੰਡੀਗੜ੍ਹ ਦੇ ਪੀ. ਜੀ. ਆਈ. ‘ਚ ਡਾਕਟਰਾਂ ਨੇ ਹਾਲੇ ਤੱਕ 7 ਫੁੱਟ 7 ਇੰਚ ਦੇ ਮਰੀਜ਼ ਦੀ ਸਰਜਰੀ ਨਾ ਤਾਂ ਪਹਿਲਾਂ ਕੀਤੀ ਸੀ ਅਤੇ ਨੇ ਹੀ ਆਪ੍ਰੇਸ਼ਨ ਥੀਏਟਰ ਵਿਚ ਇਸ ਮਰੀਜ ਦੀ ਸਰਜਰੀ ਦੇ ਲਈ ਸਿਸਟਮ ਤਿਆਰ ਸੀ। ਫਿਰ ਇਸ ਸਰਜਰੀ ਲਈ ਪੇਸ਼ ਆਉਣ ਵਾਲੇ ਮਰੀਜ਼ ਦੇ ਕੱਦ-ਕਾਠੀ ਦੀ ਚੁਣੌਤੀ ਨਾਲ ਨਜਿੱਠਣ ਦੀ ਤਿਆਰੀ ਕੀਤੀ ਅਤੇ ਇਸ ਸਰਜਰੀ ਨੂੰ ਵੀ ਸਫ਼ਲ ਕੀਤਾ। ਸ਼ੁੱਕਰਵਾਰ ਨੂੰ ਜੰਮੂ ਦੇ ਸਾਢੇ 7 ਫੁੱਟ ਦੇ ਇਸ ਮਰੀਜ਼ ਨੂੰ ਪੀ. ਜੀ. ਆਈ ਤੋਂ ਡਿਸਚਾਰਜ ਕਰ ਦਿੱਤਾ ਗਿਆ। ਪੀਜੀਆਈ ਦੇ ਇਤਿਹਾਸ ਵਿੱਚ ਸਭ ਤੋਂ ਲੰਬਾ ਮਰੀਜ਼, ਜੰਮੂ-ਕਸ਼ਮੀਰ ਪੁਲਿਸ ਵਿੱਚ ਹੈੱਡ ਕਾਂਸਟੇਬਲ ਵਜੋਂ ਤਾਇਨਾਤ ਹੈ।
ਇਸ ਮਰੀਜ਼ ਦਾ ਕੱਦ ਸਾਢੇ 7 ਫੁੱਟ ਹੋਣ ਦੇ ਕਾਰਨ ਇਹ ਕਿਸੇ ਵੀ ਆਪ੍ਰੇਸ਼ਨ ਥੀਏਟਰ ਵਿਚ ਸਰਜਰੀ ਦੇ ਲਈ ਅਜਿਹਾ ਟੇਬਲ ਨਹੀਂ ਸੀ, ਜਿਸ ਦੀ ਲੰਬਾਈ ਇਸ ਮਰੀਜ਼ ਜਿੰਨੀ ਹੋਵੇ। ਇਸ ਲਈ ਸਰਜਰੀ ਕਰਨ ਵਾਲੀ ਟੀਮ ਨੇ ਟੈਕਨੀਸ਼ੀਅਨ ਦੀ ਮਦਦ ਨਾਲ ਆਪ੍ਰੇਸ਼ਨ ਟੇਬਲ ਦੇ ਨਾਲ ਨਰਸਿੰਗ ਟਰਾਲੀ ਨੂੰ ਜੋੜਿਆ। ਇਸ ਤੋਂ ਬਾਅਦ ਟੇਬਲ ’ਤੇ ਮਰੀਜ਼ ਦੀ ਸਹੀ ਪੋਜ਼ੀਸ਼ਨ ਅਤੇ ਉਪਕਰਨਾਂ ਦੀ ਵਿਵਸਥਾ ਜਾਂਚਣ ਦੇ ਲਈ ਸਰਜਰੀ ਤੋਂ ਪਹਿਲਾਂ ਰਿਹਰਸਲ ਕੀਤੀ ਗਈ। ਇਸ ਤੋਂ ਬਾਅਦ ਸਰਜਰੀ ਸ਼ੁਰੂ ਹੋਈ।
ਇਹ ਮਰੀਜ਼ ਸਰੀਰ ਵਿਚ ਲੋੜ ਤੋਂ ਜ਼ਿਆਦਾ ਹਾਰਮੋਨ ਹੋਣ ਦੇ ਕਾਰਨ ਨਾ ਸਿਰਫ਼ ਕੱਦ ਵਿਚ ਲੰਬਾ ਸੀ, ਸਗੋਂ ਜ਼ਿਆਦਾ ਹਾਰਮੋਨ ਦੇ ਕਾਰਨ ਉਸ ਦੇ ਦਿਮਾਗ ਵਿਚ ਪਿਟਿਊਟਰੀ ਟਿਊਮਰ ਵੀ ਬਣ ਚੁੱਕਿਆ ਸੀ। ਇਸ ਕਾਰਨ ਮਰੀਜ਼ ਦੇ ਜੋੜਾਂ ਵਿਚ ਬਹੁਤ ਜ਼ਿਆਦਾ ਦਰਦ ਦੇ ਨਾਲ ਹੀ ਦਿਖਾਈ ਦੇਣ ਵਾਲੀਆਂ ਚੀਜ਼ਾਂ ਵੀ ਧੁੰਦਲੀਆਂ ਦਿਖਾਈਆਂ ਦਿੰਦੀਆਂ ਸੀ। ਆਮ ਤੌਰ ’ਤੇ ਇਸ ਟਿਊਮਰ ਨੂੰ ਸਿਰ ਵਿਚ ਚੀਰਾ ਲਗਾ ਕੇ ਕੱਢਿਆ ਜਾਂਦਾ ਹੈ ਪਰ ਇਸ ਸਰਜਰੀ ਵਿਚ ਨੱਕ ਦੀ ਹੱਡੀ ਨੂੰ ਥੋੜ੍ਹਾ ਜਿਹਾ ਬ੍ਰੇਕ ਕਰਕੇ ਐਂਡੋਸਕੋਪਿਕ ਟ੍ਰਾਂਸਜੇਨੀਟਲ ਸਰਜਰੀ ਕੀਤੀ ਗਈ ਸੀ।

ਇਸ ਮਰੀਜ਼ ਦਾ ਇਲਾਜ ਪੀ. ਜੀ. ਆਈ. ਦੇ ਇਤਿਹਾਸ ਦਾ ਸਭ ਤੋਂ ਲੰਬਾ ਚੱਲਿਆ। ਸੋਮਵਾਰ ਨੂੰ ਮਰੀਜ਼ ਨੂੰ ਡਿਸਚਾਰਜ ਕਰ ਦਿੱਤਾ ਗਿਆ। ਇਸ ਸਰਜਰੀ ਨੂੰ ਲੀਡ ਕਰਨ ਵਾਲੇ ਪ੍ਰੋ. ਰਾਜੇਸ਼ ਛਾਬੜਾ ਨੇ ਦੱਸਿਆ ਕਿ ਇਸ ਬਿਮਾਰੀ ਤੋਂ ਬਚਣ ਦੇ ਲਈ ਲੱਛਣਾਂ ਦੀ ਪਛਾਣ ਬਹੁਤ ਹੀ ਜ਼ਰੂਰੀ ਹੈ। ਪ੍ਰੋ. ਰਾਜੇਸ਼ ਛਾਬੜਾ, ਡਾ.ਅਪਿੰਦਰ ਕੌਰ, ਡਾ. ਸ਼ਿਲਪੀ ਬੋਸ ਦੇ ਨਾਲ ਐਨਸਥੀਸੀਆ ਦੀ ਟੀਮ ਨੂੰ ਲੀਡ ਕਰਨ ਵਾਲੇ ਡਾ. ਰਾਜੀਵ ਚੌਹਾਨ, ਡਾ. ਇਕਜੋਤ, ਡਾ. ਸ੍ਰਿਸ਼ਟੀ ਪਾਰਿਖ ਦੇ ਨਾਲ ਓ.ਟੀ. ਟੈਕਨੀਸ਼ੀਅਨ ਗੁਰਪ੍ਰੀਤ ਨੇ ਸਫ਼ਲ ਬਣਾਇਆ। ਪੀ.ਜੀ.ਆਈ. ਇਸ ਬਿਮਾਰੀ ਦੀਆਂ ਹਾਲੇ ਤੱਕ 100 ਤੋਂ ਵੱਧ ਸਰਜਰੀਆਂ ਕਰ ਚੁੱਕਿਆ ਹੈ।
