ਬਠਿੰਡਾ,7 ਮਈ 2023: ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਬਠਿੰਡਾ ਪੁਲੀਸ ਦੇ ਸੀ ਆਈ ਏ ਸਟਾਫ ਨੇ ਨਸ਼ਿਆਂ ਖਿਲਾਫ ਮੁਹਿੰਮ ਤਹਿਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 500 ਗ੍ਰਾਮ ਹੈਰੋਇਨ, ਪਿਸਤੌਲ ਅਤੇ ਤਿੰਨ ਲੱਖ ਤੀਹ ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਿਸ ਨੂੰ ਇਹ ਸਫਲਤਾ ਇਕ ਨਾਕਾਬੰਦੀ ਦੌਰਾਨ ਮਿਲੀ ਜਦੋਂ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਡੀਐਸਪੀ (ਡੀ) ਦਵਿੰਦਰ ਸਿੰਘ ਨੇ ਪੁਲਿਸ ਨੂੰ ਮਿਲੀ ਇਸ ਸਫਲਤਾ ਦਾ ਖੁਲਾਸਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਸੀ ਆਈ ਏ ਸਟਾਫ 2 ਦੀ ਪੁਲਸ ਪਾਰਟੀ ਬਠਿੰਡਾ ਤੋਂ ਚੱਲ ਕੇ ਜੱਸੀ ਚੌਕ ਹੁੰਦੇ ਹੋਏ ਲਿੰਕ ਰੋਡ ਰਾਹੀ ਫੂਸ ਮੰਡੀ ਵੱਲ ਨੂੰ ਜਾ ਰਹੀ ਸੀ। ਜਦ ਪੁਲਿਸ ਪਾਰਟੀ ਰੇਲਵੇ ਫਾਟਕ ਫੂਸ ਮੰਡੀ ਤੋਂ ਕਰੀਬ 200 ਮੀਟਰ ਪਿੱਛੇ ਸੀ ਤਾਂ ਗੱਡੀ ਦੀਆਂ ਲਾਇਟਾਂ ਵਿੱਚ ਵੇਖਿਆ ਕਿ ਸਾਹਮਣੇ ਤੋਂ ਸੱਜੇ ਹੱਥ ਦੋ ਮੋਨੇ ਨੌਜਵਾਨ ਮੋਟਰਸਾਈਕਲ ਸਪਲੈਂਡਰ ਤੇ ਆ ਰਹੇ ਸਨ। ਪੁਲਿਸ ਨੇ ਸ਼ੱਕ ਦੇ ਅਧਾਰ ਤੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 500 ਗ੍ਰਾਮ ਹੈਰੋਇਨ ,3 ਲੱਖ 30 ਹਜਾਰ ਡਰੱਗ ਮੁਨੀ ਅਤੇ ਇੱਕ ਪਿਸਤੌਲ 32 ਬੋਰ ਸਮੇਤ 2 ਜਿੰਦਾ ਕਾਰਤੂਸ , ਬ੍ਰਾਮਦ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਮੋਬਾਇਲ ਫੋਨ ਅਤੇ 1 ਹਜ਼ਾਰ ਰੁਪਏ ਨਗਦ ਵੀ ਬਰਾਮਦ ਕੀਤੇ ਹਨ। ਪੁਲੀਸ ਨੇ ਮੁਲਜ਼ਮਾਂ ਵੱਲੋਂ ਨਸ਼ਾ ਤਸਕਰੀ ਲਈ ਵਰਤਿਆ ਜਾ ਰਿਹਾ ਮੋਟਰਸਾਈਕਲ ਵੀ ਕਬਜ਼ੇ ਵਿੱਚ ਲੈ ਲਿਆ ਹੈ ਜੋ ਕਿ ਬਿਨਾਂ ਨੰਬਰ ਤੋਂ ਹੈ। ਮੁਲਜ਼ਮਾਂ ਦੀ ਪਛਾਣ ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਸੁਖਦੇਵ ਸਿੰਘ ਵਾਸੀ ਦਿਉਣ ਅਤੇ ਸੁਰਜੀਤ ਸਿੰਘ ਉਰਫ ਗੁਰਜੀਤ ਸਿੰਘ ਪੁੱਤਰ ਨੱਥੂ ਸਿੰਘ ਵਾਸੀ ਤੁੰਗਵਾਲੀ, ਜ਼ਿਲ੍ਹਾ ਬਠਿੰਡਾ ਵਜੋਂ ਕੀਤੀ ਗਈ ਹੈ। ਪੁਲਿਸ ਨੇ ਇਸ ਸਬੰਧ ਵਿਚ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਪੜਤਾਲ ਕਰੇਗੀ ਤਾਜੋ ਦੀ ਤਸਕਰੀ ਬਾਰੇ ਹੋਰ ਵੀ ਖੁਲਾਸਾ ਹੋ ਸਕੇ।