ਲੁਧਿਆਣਾ, 16 ਮਈ 2024 – ਲੁਧਿਆਣਾ ਦੇ ਥਾਣਾ ਸਲੇਮ ਟਾਵਰੀ ਅਧੀਨ ਪੈਂਦੇ ਪੀਰੂ ਬੰਦਾ ਇਲਾਕੇ ਵਿੱਚ ਨਸ਼ਾ ਤਸਕਰਾਂ ਅਤੇ ਨਸ਼ੇੜੀ ਵਿਚਾਲੇ ਚਿੱਟੇ ਦੀ ਲੜਾਈ ਦੇ ਚਲਦਿਆਂ ਇੱਕ ਬੇਕਸੂਰ ਨੌਜਵਾਨ ਦੀ ਜਾਨ ਚਲੀ ਗਈ ਜਦਕਿ ਉਹਦਾ ਵੱਡਾ ਭਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਨੇ ਦੋਵੇਂ ਭਰਾਵਾਂ ਨੂੰ ਸੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਇੱਕ ਭਰਾ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਮਰਨ ਵਾਲੇ ਨੌਜਵਾਨ ਦੀ ਪਹਿਚਾਣ ਸਹਿਮ ਸਿੱਧੂ ਉਰਫ਼ ਸ਼ੰਮੀ ਉਮਰ 25 ਸਾਲ ਦੇ ਰੂਪ ਵਿੱਚ ਹੋਈ ਹੈ ਅਤੇ ਜ਼ਖਮੀ ਦੀ ਪਹਿਚਾਨ ਸਾਜਨ ਉਮਰ 30 ਸਾਲ ਦੇ ਰੂਪ ਵਿੱਚ ਹੋਈ ਹੈ।
ਘਟਨਾ ਦਾ ਪਤਾ ਚੱਲਦੇ ਹੀ ਥਾਣਾ ਸਲੇਮ ਟਾਬਰੀ ਦੀ ਪੁਲਿਸ ਥਾਣਾ ਦਰੇਸੀ ਦੀ ਪੁਲਿਸ ਅਤੇ ਸੀਏ ਸਟਾਫ ਮੌਕੇ ਤੇ ਪਹੁੰਚ ਗਿਆ। ਪੁਲਿਸ ਨੇ ਪਹੁੰਚਦੇ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰਾਂ ਦੇ ਘਰ ‘ਤੇ ਰੇਡ ਕੀਤੀ।
ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੀਰੂ ਬੰਦਾ ਇਲਾਕੇ ਦੇ ਹਰਦੀਪ ਸਿੰਘ ਪੇਂਡੂ ਅਤੇ ਉਹਦਾ ਬੇਟਾ ਜਸ਼ਨ ਇਲਾਕੇ ਵਿੱਚ ਨਸ਼ਾ ਵੇਚਦੇ ਹਨ, ਅਤੇ ਅਜੇ ਨਾਮ ਦਾ ਨਸ਼ੇੜੀ ਨਸ਼ਾ ਲੈਕੇ ਬਿਨਾ ਪੈਸੇ ਦਿੱਤੇ ਹੀ ਭੱਜ ਗਿਆ, ਜਿਸਦਾ ਦੋਵੇਂ ਤਸਕਰ ਪਿਓ-ਪੁੱਤ ਪਿੱਛਾ ਕਰ ਰਹੇ ਸਨ, ਨਸ਼ੇੜੀ ਆਪਣੇ ਬਚਾਅ ਲਈ ਸੈਮ ਅਤੇ ਸਾਜਨ ਦੇ ਘਰ ਅੰਦਰ ਜਾਕੇ ਲੁੱਕ ਗਿਆ, ਜਦੋਂ ਆਰੋਪੀ ਪਿਓ ਪੁੱਤ ਉਸਦੇ ਪਿੱਛੇ ਘਰ ਅੰਦਰ ਗਏ, ਦੋਵੇਂ ਭਰਾਵਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ, ਜਿਸਤੋਂ ਗੁੱਸੇ ਵਿੱਚ ਆਏ ਪਿਓ-ਪੁੱਤ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਜਿਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਹਮਲਾਵਰਾਂ ਨੇ ਦੋਵੇਂ ਭਰਾਵਾਂ ਦੇ ਗਲੇ ਸਿਰ ਅਤੇ ਬਾਕੀ ਹਿੱਸਿਆਂ ਤੇ ਤਾਬੜ ਤੋੜ ਵਾਰ ਕੀਤੇ। ਬਾਕੀ ਪੂਰੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,ਤੇ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਪੂਰਾ ਮਾਮਲਾ ਕੀ ਸੀ।
ਉਧਰ ਦੂਜੇ ਪਾਸੇ ਦੋਵੇਂ ਭਰਾਵਾਂ ਦੀ ਮਾਂ ਨੂੰ ਜਦੋਂ ਵਾਰਦਾਤ ਬਾਰੇ ਪਤਾ ਚੱਲਿਆ ਤਾਂ ਉਸਦੀ ਹਾਲਤ ਵਿਗੜ ਗਈ, ਉਨ੍ਹਾਂ ਦੇ ਪਿਤਾ ਦੀ ਪਹਿਲੇ ਹੀ ਮੌਤ ਹੋ ਚੁੱਕੀ ਹੈ। ਸ਼ੰਮੀ ਡੈਂਟਿੰਗ ਪੇਂਟਿੰਗ ਦਾ ਕੰਮ ਕਰਦਾ ਸੀ ਅਤੇ ਉਸਨੇ ਅਗਲੇ ਮਹੀਨੇ ਬਹਿਰੀਨ ਜਾਣਾ ਸੀ। ਜਿਸ ਦੀ ਉਹ ਤਿਆਰੀ ਵੀ ਕਰ ਰਿਹਾ ਸੀ। ਇਧਰ ਮਿਰਤਕ ਸ਼ੰਮੀ ਦੀ ਮਾਂ ਨੇ ਕਿਹਾ ਕਿ ਦੋਵੇਂ ਭਰਾ ਨਸ਼ਿਆਂ ਤੋਂ ਦੂਰ ਰਹਿੰਦੇ ਸਨ ਅਤੇ ਮਿਹਨਤ ਕਰਕੇ ਆਪਣਾ ਘਰ-ਬਾਰ ਚਲਾ ਰਹੇ ਸਨ। ਦੋਵੇਂ ਵਿਆਹੇ ਹੋਏ ਹਨ।