ਕਪੂਰਥਲਾ, 5 ਜਨਵਰੀ 2023 – ਕਪੂਰਥਲਾ ਸ਼ਹਿਰ ਦੇ ਬਾਹਰਵਾਰ ਦੋ ਗਾਵਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਤੇਲ ਪਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਗਊਆਂ ਨੂੰ ਸਾੜਨ ਦੀ ਘਟਨਾ ਤੋਂ ਬਾਅਦ ਸੰਯੁਕਤ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਮੁਲਜ਼ਮ ਪਰਿਵਾਰ ਦੇ ਦੋ ਮੈਂਬਰਾਂ ਨੂੰ ਫੜ ਕੇ ਸਿਟੀ ਥਾਣੇ ਦੇ ਹਵਾਲੇ ਕਰ ਦਿੱਤਾ ਹੈ।
ਬਜਰੰਗ ਦਲ, ਵੀਐਚਪੀ ਆਗੂ ਨਰੇਸ਼ ਪੰਡਿਤ ਅਤੇ ਭਾਜਪਾ ਦੇ ਸੀਨੀਅਰ ਆਗੂ ਉਮੇਸ਼ ਸ਼ਾਰਦਾ ਨੇ ਦੱਸਿਆ ਕਿ ਪਰਿਵਾਰ ਦੀ ਅਣਗਹਿਲੀ ਕਾਰਨ ਗਊਆਂ ਦੀ ਮੌਤ ਹੋਈ ਹੈ। ਗਊਆਂ ਦੀਆਂ ਲਾਸ਼ਾਂ ਨੂੰ ਤੇਲ ਪਾ ਕੇ ਸਾੜਨ ਦਾ ਯਤਨ ਕੀਤਾ ਗਿਆ ਹੈ ਤਾਂ ਕਿ ਲਾਸ਼ਾਂ ਨੂੰ ਖੁਰਦ-ਬੁਰਦ ਕੀਤਾ ਜਾ ਸਕੇ। ਉਸ ਨੇ ਲਿਖਤੀ ਸ਼ਿਕਾਇਤ ਦੇ ਕੇ ਪੁਲੀਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਹਿੰਦੂ ਨੇਤਾਵਾਂ ਨੇ ਕੁਸ਼ਠਾ ਆਸ਼ਰਮ ਰੋਡ ‘ਤੇ ਇਕ ਮਹਿਲ ਨੇੜੇ ਪਰਿਵਾਰ ਨੇ 2 ਗਾਵਾਂ ਪਾਲੀਆਂ ਹੋਈਆਂ ਸਨ। ਪਿਛਲੇ ਮਹੀਨੇ ਉਹ ਆਪਣੇ ਇੱਕ ਜਾਣਕਾਰ ਦੇ ਵਿਆਹ ਵਿੱਚ ਗਏ ਸੀ। ਉਹਨਾਂ ਦੇ ਜਾਣ ਤੋਂ ਬਾਅਦ ਗਊਆਂ ਦੀ ਦੇਖਭਾਲ ਨਾ ਹੋਣ ਅਤੇ ਘਰ ਵਿੱਚ ਖਾਣ-ਪੀਣ ਦਾ ਪ੍ਰਬੰਧ ਨਾ ਹੋਣ ਕਾਰਨ ਦੋਵੇਂ ਗਊਆਂ ਭੁੱਖ ਨਾਲ ਮਰ ਗਈਆਂ।
ਆਂਢ-ਗੁਆਂਢ ਦੇ ਲੋਕਾਂ ਨੇ ਉਨ੍ਹਾਂ ਨੂੰ ਬਦਬੂ ਆਉਣ ਦੀ ਸੂਚਨਾ ਦਿੱਤੀ ਤਾਂ ਬੀਤੀ ਰਾਤ ਉਕਤ ਪਰਿਵਾਰ ਨੇ ਵਾਪਸ ਆ ਕੇ ਆਪਣੀ ਅਣਗਹਿਲੀ ਛੁਪਾਉਣ ਲਈ ਤੂੜੀ ਅਤੇ ਤੇਲ ਪਾ ਕੇ ਗਊਆਂ ਦੀਆਂ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ।
ਘਟਨਾ ਦੀ ਸੂਚਨਾ ਮਿਲਦੇ ਹੀ ਕਪੂਰਥਲਾ ਸ਼ਹਿਰ ਦੀਆਂ ਭਾਜਪਾ ਅਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਆਗੂ ਇਕੱਠੇ ਹੋ ਗਏ ਅਤੇ ਇਸ ਦਾ ਵਿਰੋਧ ਕਰਦੇ ਹੋਏ ਮੁਲਜ਼ਮ ਪਰਿਵਾਰ ਦੇ ਦੋ ਮੈਂਬਰਾਂ ਨੂੰ ਕਾਬੂ ਕਰ ਕੇ ਥਾਣਾ ਸਿਟੀ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਲਿਖਤੀ ਸ਼ਿਕਾਇਤ ਦੇ ਕੇ ਗਾਂ ਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਖੋਜੇਵਾਲ, ਪਿਯੂਸ਼ ਮਨਚੰਦਾ ਸਮੇਤ ਵਿਹਿਪ ਅਤੇ ਬਜਰੰਗ ਦਲ ਦੇ ਕਈ ਆਗੂ ਵੀ ਮੌਜੂਦ ਸਨ। ਦੂਜੇ ਪਾਸੇ ਥਾਣਾ ਸਿਟੀ ਦੇ ਐਸਐਚਓ ਕਿਰਪਾਲ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ 2 ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਫਿਲਹਾਲ ਜਾਂਚ ਚੱਲ ਰਹੀ ਹੈ।