ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼; 155 ਕਾਬੂ

  • 79 ਕੰਪਿਊਟਰ, 206 ਲੈਪਟਾਪ ਅਤੇ ਮੋਬਾਈਲ ਫ਼ੋਨ, ਗਾਹਕਾਂ ਨਾਲ ਗੱਲ ਕਰਨ ਲਈ ਸਿਖਲਾਈ ਦੇਣ ਲਈ ਸਕ੍ਰਿਪਟਾਂ ਵੀ ਕੀਤੀਆਂ ਗਈਆਂ ਬਰਾਮਦ
  • ਕਾਲਰ ਅਮਰੀਕਾ ਦੇ ਲੋਕਾਂ ਨੂੰ ਧੋਖਾ ਦੇਣ ਲਈ ਵੱਖ-ਵੱਖ ਢੰਗਾਂ ਦੀ ਕਰਦੇ ਸਨ ਵਰਤੋਂ: ਡੀਜੀਪੀ ਗੌਰਵ ਯਾਦਵ
  • ਦੋ ਸਰਗਨਾਹ ਦੀ ਹੋਈ ਪਛਾਣ , ਜਲਦ ਹੀ ਕੀਤੇ ਜਾਣਗੇ ਗ੍ਰਿਫਤਾਰ : ਏਡੀਜੀਪੀ ਵੀ. ਨੀਰਜਾ
  • ਹੁਣ ਤੱਕ ਕੀਤੀ ਹੋਈ ਕੁੱਲ ਧੋਖਾਧੜੀ ਦਾ ਪਤਾ ਲਗਾਉਣ ਲਈ ਜਾਂਚ ਜਾਰੀ : ਏਡੀਜੀਪੀ ਸਾਈਬਰ ਕ੍ਰਾਈਮ

ਚੰਡੀਗੜ੍ਹ, 17 ਮਈ 2024 – ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਮੁਹਾਲੀ ਵਿੱਚ ਚੱਲ ਰਹੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕਰਦਿਆਂ ਇਹਨਾਂ ਕੇਂਦਰਾਂ ਦੇ 155 ਕਰਮਚਾਰੀਆਂ ਨੂੰ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਫਰਜ਼ੀ ਕਾਲਾਂ ਕਰਨ ਅਤੇ ਧੋਖਾ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।

ਇਨ੍ਹਾਂ ਵਿਚੋਂ ਪਹਿਲਾ ਫਰਜ਼ੀ ਕਾਲ ਸੈਂਟਰ ਐਸ.ਏ.ਐਸ.ਨਗਰ ਦੇ ਸੈਕਟਰ 74 ਦੇ ਪਲਾਟ # ਐਫ 88 ਵਿਖੇ ਸਥਿਤ ਹੈ, ਜਦੋਂ ਕਿ ਦੂਜਾ ਫਰਜ਼ੀ ਕਾਲ ਸੈਂਟਰ ਐਸ.ਏ.ਐਸ.ਨਗਰ ਦੇ ਸੈਕਟਰ 74 ਸਥਿਤ ਏ-ਵਨ ਟਾਵਰ ਵਿਖੇ ਸੀ । ਦੋਵੇਂ ਕਾਲ ਸੈਂਟਰ ਕਥਿਤ ਤੌਤ ’ਤੇ ਗੁਜਰਾਤ ਆਧਾਰਿਤ ਸਰਗਨਾਹ ਵੱਲੋਂ ਚਲਾਏ ਜਾ ਰਹੇ ਸਨ।

ਡੀ.ਜੀ.ਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫਰਜ਼ੀ ਕਾਲ ਸੈਂਟਰ ਰਾਤ ਸਮੇਂ ਕੰਮ ਕਰਦੇ ਸਨ ਅਤੇ ਕਾਲ ਕਰ ਕੇ ਤਿੰਨ ਵੱਖ-ਵੱਖ ਢੰਗਾਂ ਰਾਹੀਂ ਵਿਦੇਸ਼ੀ ਨਾਗਰਿਕਾਂ ਨੂੰ ਟਾਰਗੇਟ, ਐਪਲ, ਐਮਾਜ਼ਾਨ ਆਦਿ ਤੋਂ ਗਿਫਟ ਕਾਰਡ ਖਰੀਦਣ ਲਈ ਮਜਬੂਰ ਕਰਕੇ ਠੱਗਦੇ ਸਨ। ਉਨ੍ਹਾਂ ਦੱਸਿਆ ਕਿ ਇਹ ਗਿਫਟ ਕਾਰਡ ਇੱਕ ਟੀਮ ਮੈਨੇਜਰ ਦੁਆਰਾ ਸਾਂਝੇ ਕੀਤੇ ਜਾਂਦੇ ਸਨ ਅਤੇ ਸਰਗਨਾਹ/ਮਾਲਕ ਨੂੰ ਸਾਂਝੇ ਕਰ ਦਿੱਤੇ ਜਾਂਦੇ ਸਨ ਜੋ ਇਸਨੂੰ ਰੀਡੀਮ ਕਰਵਾ ਲੈਂਦਾ ਸੀ।

ਏਡੀਜੀਪੀ ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁਹਾਲੀ ਵਿੱਚ ਚੱਲ ਰਹੇ ਇਨ੍ਹਾਂ ਫਰਜ਼ੀ ਕਾਲ ਸੈਂਟਰਾਂ, ਜੋ ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ, ਬਾਰੇ ਇੰਸਪੈਕਟਰ ਗਗਨਪ੍ਰੀਤ ਸਿੰਘ ਅਤੇ ਇੰਸਪੈਕਟਰ ਦਲਜੀਤ ਸਿੰਘ ਵੱਲੋਂ ਆਪਣੀ ਟੀਮ ਦੇ ਨਾਲ ਸਾਈਬਰ ਕਰਾਈਮ ਦੀ ਡਿਜੀਟਲ ਜਾਂਚ ਸਿਖਲਾਈ ਅਤੇ ਵਿਸ਼ਲੇਸ਼ਣ ਸਬੰਧੀ ਤਕਨੀਕੀ ਸਹਾਇਤਾ ਸੈਂਟਰ (ਡੀਆਈਟੀਏਸੀ) ਮਦਦ ਨਾਲ ਪੁਖ਼ਤਾ ਤੇ ਖੁਫ਼ੀਆ ਜਾਣਕਾਰੀ ਜੁਟਾਈ ਗਈ ਸੀ।

ਉਨ੍ਹਾਂ ਦੱਸਿਆ ਕਿ ਇਸ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਐਸਪੀ ਸਾਈਬਰ ਕ੍ਰਾਈਮ ਜਸ਼ਨਦੀਪ ਸਿੰਘ ਦੀ ਨਿਗਰਾਨੀ ਅਤੇ ਡੀਐਸਪੀ ਪ੍ਰਭਜੋਤ ਕੌਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਦੋਵਾਂ ਫਰਜ਼ੀ ਕਾਲ ਸੈਂਟਰਾਂ ’ਤੇ ਛਾਪੇਮਾਰੀ ਕੀਤੀ ਅਤੇ ਡਾਇਲਰ, ਕਲੋਜ਼ਰ, ਬੈਂਕਰ ਅਤੇ ਫਲੋਰ ਮੈਨੇਜਰ ਵਜੋਂ ਕੰਮ ਕਰਦੇ ਸਾਰੇ 155 ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਲਿਆ । ਉਨ੍ਹਾਂ ਦੱਸਿਆ ਕਿ ਹਾਲੇ ਦੋਵੇਂ ਸਰਗਨਾਹ ਫਰਾਰ ਹਨ ਅਤੇ ਪੁਲਿਸ ਟੀਮਾਂ ਉਨ੍ਹਾਂ ਨੂੰ ਕਾਬੂ ਕਰਨ ਲਈ ਯਤਨ ਜਾਰੀ ਹਨ।

ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਗਾਹਕਾਂ ਨਾਲ ਗੱਲ ਕਰਨ ਸਿਖਲਾਈ ਸਕ੍ਰਿਪਟਾਂ ਤੋਂ ਇਲਾਵਾ 79 ਡੈਸਕਟਾਪ ਕੰਪਿਊਟਰ ਯੂਨਿਟ, 204 ਲੈਪਟਾਪ, ਮੋਬਾਈਲ ਫ਼ੋਨ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ।

ਏਡੀਜੀਪੀ ਵੀ ਨੀਰਜਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਕੁੱਲ 155 ਵਿਅਕਤੀਆਂ ਵਿੱਚੋਂ 18 ਮੁਲਜ਼ਮਾਂ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ, ਜਦਕਿ ਬਾਕੀ ਸਾਰੇ ਗ੍ਰਿਫ਼ਤਾਰ ਵਿਅਕਤੀਆਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਰੀ ਧੋਖਾਧੜੀ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਦੀ ਆਸ ਹੈ।

ਇਸ ਸਬੰਧੀ ਐਫਆਈਆਰ ਨੰ. 14/24 ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 419, 420, 467, 468, 471 ਅਤੇ 120 ਬੀ ਅਤੇ ਸੂਚਨਾ ਤਕਨਾਲੋਜੀ (ਆਈਟੀ) ਐਕਟ ਦੀ ਧਾਰਾ 663 ਅਤੇ 664 ਦੇ ਤਹਿਤ ਪੁਲਿਸ ਸਟੇਸ਼ਨ ਸਟੇਟ ਸਾਈਬਰ ਕ੍ਰਾਈਮ ਸੈੱਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਡੱਬੀ: ਤਿੰਨ ਮੋਡਸ ਓਪਰੇਂਡੀ ਦੀ ਵਰਤੋਂ ਕਰਦੇ ਸਨ ਫਰਜ਼ੀ ਕਾਲ ਸੈਂਟਰ

ਪੇ-ਡੇ ਫਰਾਡ: ਫਰਜ਼ੀ ਕਾਲ ਸੈਂਟਰ ਤੋਂ ਕਾਲ ਕਰਨ ਵਾਲਾ ਯੂ.ਐੱਸ. ਵਿੱਚ ਘੱਟ ਕਰੈਡਿਟ ਸਕੋਰ ਹੋਣ ਦੇ ਬਾਵਜੂਦ ਲੋਕਾਂ ਨੂੰ ਘੱਟ ਵਿਆਜ ’ਤੇ ਲੋਨ ਪ੍ਰਦਾਨ ਕਰਨ ਦਾ ਪੇਸ਼ਕਸ਼ ਕਰਦਾ ਸੀ ਅਤੇ ਇਸਦੇ ਬਦਲੇ ਫੀਸ ਵਜੋਂ ਗਾਹਕ ਗਿਫਟ ਕਾਰਡ ਖਰੀਦਣ ਲਈ ਕਹਿੰਦਾ ਸੀ । ਉਹ ਗਿਫਟ ਕਾਾਰਡ ਸਰਗਾਹ ਨੂੰ ਭੇਜ ਦਿੱਤਾ ਜਾਂਦਾ ਸੀ ਜੋ ਉਸਨੂੰ ਰੀਡੀਮ ਕਰਵਾ ਲੈਂਦਾ ਸੀ ।

ਐਮਾਜ਼ਾਨ ਫਰਾਡ : ਫਰਜ਼ੀ ਕਾਲ ਸੈਂਟਰ ਤੋਂ ਕਾਲ ਕਰਨ ਵਾਲਾ, ਐਮਾਜ਼ਾਨ ਦੇ ਨਮੁਾਇੰਦੇ ਹੋਣ ਦਾ ਦਿਖਾਵਾ ਕਰਦੇ ਹੋਏ, ਗਾਹਕ (ਅਮਰੀਕਾ ਦੇ ਨਾਗਰਿਕਾਂ) ਨੂੰ ਧਮਕੀ ਦਿੰਦਾ ਸੀ ਕਿ ਉਹਨਾਂ ਵੱਲੋਂ ਆਰਡਰ ਕੀਤੇ ਗਏ ਪਾਰਸਲ ਵਿੱਚ ਗੈਰ-ਕਾਨੂੰਨੀ ਚੀਜ਼ਾਂ ਹਨ ਅਤੇ ਫੈਡਰਲ ਪੁਲਿਸ ਨੂੰ ਸੂਚਿਤ ਕੀਤਾ ਜਾਵੇਗਾ। ਰਕਮ ਦੀ ਪੁਸ਼ਟੀ ਕਿਸੇ ਹੋਰ ਕਾਲਰ ਦੁਆਰਾ ਕੀਤੀ ਜਾਂਦੀ ਹੈ, ਜੋ ਬੈਂਕਰ ਹੋਣ ਦਾ ਦਿਖਾਵਾ ਕਰਦਾ ਸੀ। ਆਰਡਰ ਨੂੰ ਰੱਦ ਕਰਨ ਲਈ ਇੱਕ ਨਿਸ਼ਚਤ ਸਮੇਂ ਅੰਦਰ ਰਕਮ ਕੈਸ਼ ਐਪ ਦੁਆਰਾ ਜਾਂ ਐਮਾਜ਼ਾਨ ਗਿਫਟ ਕਾਰਡ ਲੈਣ ਲਈ ਕਿਹਾ ਜਾਂਦਾ ਸੀ ਅਤੇ ਗੱਲ ਨਾ ਮੰਨਣ ਦੀ ਸੂਰਤ ਵਿੱਚ ਫੈਡਰਲ ਪੁਲਿਸ ਨੂੰ ਸੂਚਿਤ ਕਰਨ ਦੀ ਧਮਕੀ ਦਿੱਤੀ ਜਾਂਦੀ ਸੀ । ਗਿਫ਼ਟ ਕਾਰਡਾਂ ਦੇ ਨੰਬਰਾਂ ਨੂੰ ਫਿਰ ਅਮਰੀਕਾ ਵਿੱਚ ਭਾਈਵਾਲਾਂ ਨਾਲ ਸਾਂਝਾ ਕੀਤਾ ਜਾਂਦਾ ਸੀ, ਜੋ ਰਕਮ ਨੂੰ ਰੀਡੀਮ ਕਰਦੇ ਸਨ ਅਤੇ ਹਵਾਲਾ ਰਾਹੀਂ ਭਾਰਤ ਵਿੱਚ ਕਿੰਗਪਿਨ ਨੂੰ ਨਕਦ ਭੇਜਦੇ ਸਨ।

ਮਾਈਕਰੋਸਾਫਟ ਫਰਾਡ : ਨਿਸ਼ਾਨਾ ਬਣਾਏ ਗਏ ਲੋਕਾਂ ਨੂੰ ਕੰਪਿਊਟਰ ’ਤੇ ਇੱਕ ਪੌਪ-ਅੱਪ ਮਿਲਦਾ ਹੈ, ਜਿਵੇਂ ਕਿ ਮਾਈਕਰੋਸਾਫਟ ਦੇ ਕਸਟਮਰ ਕੇਅਰ ਵੱਲੋਂ ਇੱਕ ਚੇਤਾਵਨੀ ਰੂਪੀ ਸੰਦੇਸ਼ ਭੇਜਿਆ ਜਾਂਦਾ ਹੈ ਅਤੇ ਤੁਰੰਤ ਕਾਲ ਕਰਨ ਲਈ ਇੱਕ ਸੰਪਰਕ ਨੰਬਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ, ਵਿਅਕਤੀ ਨੂੰ ਡਾਊਨਲੋਡ ਕਰਨ ਲਈ ਇੱਕ ਲਿੰਕ ਮਿਲਦਾ ਹੈ। ਲਿੰਕ ਇੱਕ ਐਪ ਨੂੰ ਸਥਾਪਿਤ ਕਰਦਾ ਹੈ ਜੋ ਸਕ੍ਰੀਨ ਦੇਖਣ ਦੀ ਆਗਿਆ ਦਿੰਦਾ ਹੈ। ਇਸ ਤੋਂ ਬਾਅਦ, ਬੈਂਕ ਖਾਤਿਆਂ ਵਿੱਚੋਂ ਪੈਸੇ ਧੋਖੇ ਨਾਲ ਅਮਰੀਕਾ ਦੇ ਮਿਊਲ ਖਾਤਿਆਂ ਵਿੱਚ ਭੇਜੇ ਜਾਦੇ ਹਨ ਅਤੇ ਹਵਾਲਾ ਰਾਹੀਂ ਭਾਰਤ ਵਿੱਚ ਪ੍ਰਾਪਤ ਕੀਤੇ ਜਾਂਦੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲਾਲੀ ਮਜੀਠੀਆ ਅਕਾਲੀ ਦਲ ਵਿੱਚ ਸ਼ਾਮਿਲ

ਹਰਿਆਣਾ ਦੇ ਨੂਹ ‘ਚ ਬੱਸ ਨੂੰ ਲੱਗੀ ਅੱਗ, 8 ਦੀ ਮੌਤ, 24 ਜ਼ਖਮੀ