ਮਾਈ ਭਾਗੋ ਇੰਸਟੀਚਿਊਟ ਦੀਆਂ ਦੋ ਮਹਿਲਾ ਕੈਡੇਟਾਂ ਬਣੀਆਂ ਫਲਾਇੰਗ ਅਫ਼ਸਰ

ਚੰਡੀਗੜ੍ਹ, 18 ਦਸੰਬਰ 2022 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਅਗਵਾਈ ਵਿੱਚ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ) ਫਾਰ ਗਰਲਜ਼, ਮੋਹਾਲੀ ਦੀਆਂ ਦੋ ਵਿਦਿਆਰਥਣਾਂ ਸਹਿਜਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਦਾ ਸ਼ਨਿਚਰਵਾਰ ਨੂੰ ਏਅਰ ਫੋਰਸ ਅਕੈਡਮੀ, ਡੁੰਡੀਗਲ, ਹੈਦਰਾਬਾਦ ਤੋਂ ਬਤੌਰ ਫਲਾਇੰਗ ਅਫਸਰ ਚੁਣਿਆ ਜਾਣਾ ਸੰਸਥਾ ਲਈ ਮਾਣਮੱਤੀ ਗੱਲ ਹੈ ਅਤੇ ਇਸ ਨਾਲ ਇੰਸਟੀਚਿਊਟ ਦੇ ਵੱਕਾਰ ਵਿੱਚ ਹੋਰ ਵਾਧਾ ਹੋਇਆ ਹੈ।

ਜ਼ਿਕਰਯੋਗ ਹੈ ਕਿ ਫਲਾਇੰਗ ਅਫਸਰ ਸਹਿਜਪ੍ਰੀਤ ਕੌਰ, ਜੋ ਫਲਾਇੰਗ ਟਰਾਂਸਪੋਰਟ ਸ਼ਾਖਾ ਵਿੱਚ ਸੇਵਾ ਨਿਭਾਵੇਗੀ , ਭਾਰਤੀ ਫੌਜ ਦੇ ਸੂਬੇਦਾਰ ਮੇਜਰ ਦੀ ਧੀ ਹੈ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੀ ਵਸਨੀਕ ਹੈ। ਉਸ ਨੇ ਅਕੈਡਮੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅਫਸਰਾਂ ਵਰਗੇ ਗੁਣਾਂ ਅਤੇ ਜਨਰਲ ਸਟੱਡੀਜ਼ ਵਿੱਚ ਸਰਵੋਤਮ ਕੈਡੇਟ ਦੀ ਐਵਾਰਡ ਜਿੱਤਿਆ ਹੈ। ਇਸੇ ਤਰਾਂ ਫਲਾਇੰਗ ਅਫਸਰ ਕੋਮਲਪ੍ਰੀਤ ਕੌਰ ਦੇ ਪਿਤਾ ਪੰਜਾਬ ਪੁਲਿਸ ਵਿੱਚ ਸੇਵਾ ਨਿਭਾਅ ਰਹੇ ਹਨ ਅਤੇ ਉਹ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧ ਰੱਖਦੀ ਹੈ। ਉਸ ਦੀ ਨਿਯੁਕਤੀ ਹਵਾਈ ਸੈਨਾ ਦੀ ਨੈਵੀਗੇਸ਼ਨ ਸ਼ਾਖਾ ਵਿੱਚ ਹੋਈ ਹੈ।

ਮਾਈ ਭਾਗੋ ਏ.ਐਫ.ਪੀ.ਆਈ , ਰੁਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਧੀਨ ਪੰਜਾਬ ਸਰਕਾਰ ਦੀ ਇੱਕ ਨਿਵੇਕਲੀ ਪਹਿਲਕਦਮੀ ਹੈ, ਜਿਸ ਨਾਲ ਪੰਜਾਬ ਦੀਆਂ ਲੜਕੀਆਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫਸਰ ਬਣਨ ਦੇ ਯੋਗ ਬਣਾਇਆ ਜਾਂਦਾ ਹੈ। ਇੰਸਟੀਚਿਊਟ ਅਤਿ ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ ਅਤੇ ਪੂਰੀ ਤਰ੍ਹਾਂ ਰਿਹਾਇਸ਼ੀ ਸਹੂਲਤਾਂ ਨਾਲ ਲੈਸ ਹੈ ਅਤੇ ਦੇਸ਼ ਵਿੱਚ ਆਪਣੀ ਕਿਸਮ ਦਾ ਇਹ ਵਾਹਦ ਕੈਂਪਸ ਹੈ। ਇੱਥੋਂ ਦੀਆਂ ਕੁੜੀਆਂ ਨੂੰ ਏਐਫਸੀਏਟੀ, ਸੀਡੀਐਸ ਅਤੇ ਐਸ.ਐਸ.ਬੀ ਵਰਗੀਆਂ ਰਾਸ਼ਟਰੀ ਪੱਧਰ ਦੀਆਂ ਲਿਖ਼ਤੀ ਮੁਕਾਬਲਾ ਪ੍ਰੀਖਿਆਵਾਂ ਵਿੱਚ ਸਫ਼ਲ ਹੋਣ ਲਈ ਸਿਖਲਾਈ ਦਿੱਤੀ ਜਾਂਦੀ ਹੈ।

ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏ.ਵੀ.ਐਸ.ਐਮ. (ਸੇਵਾਮੁਕਤ) ਨੇ ਦੱਸਿਆ ਕਿ ਹੁਣ ਤੱਕ 23 ਮਹਿਲਾ ਕੈਡੇਟਾਂ ਵੱਖ-ਵੱਖ ਆਰਮਡ ਫੋਰਸਿਜ਼ ਟਰੇਨਿੰਗ ਅਕੈਡਮੀਆਂ ਵਿੱਚ ਚੁਣੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 13 ਦੀ ਨਿਯੁਕਤੀ ਅਫਸਰ ਵਜੋਂ ਹੋਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਡਿਊਟੀ ’ਚ ਕੁਤਾਹੀ ਕਰਨ ਵਾਲੇ 42 ਅਧਿਕਾਰੀਆਂ/ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ, 3 ਕੀਤੇ ਚਾਰਜਸ਼ੀਟ

ਸਮਾਜਿਕ ਸੁਰੱਖਿਆ ਵਿਭਾਗ ਦੇ 18 ਸੁਪਰਵਾਈਜ਼ਰਾਂ ਨੂੰ CDPO ਵਜੋਂ ਦਿੱਤੀ ਗਈ ਤਰੱਕੀ