ਤਰਨਤਾਰਨ, 9 ਅਪ੍ਰੈਲ 2023 – ਖੇਮਕਰਨ-ਅੰਮ੍ਰਿਤਸਰ ਰੋਡ ‘ਤੇ ਪਿੰਡ ਛਿਛਰੇਵਾਲ ਨੇੜੇ ਸ਼ੁੱਕਰਵਾਰ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਸ਼ਾਮ ਸਮੇਂ ਸੜਕ ਵਿਚਕਾਰ ਬੇਸਹਾਰਾ ਗਊਆਂ ਨੂੰ ਬਚਾਉਂਦੇ ਸਮੇਂ ਦੋ ਬਾਈਕ ਆਪਸ ਵਿੱਚ ਟਕਰਾ ਗਈਆਂ। ਇਸ ਹਾਦਸੇ ‘ਚ ਦੋਵੇਂ ਬਾਈਕ ਚਾਲਕਾਂ ਦੀ ਮੌਤ ਹੋ ਗਈ। ਉਥੇ ਦੋ ਹੋਰ ਨੌਜਵਾਨ ਜ਼ਖਮੀ ਹੋ ਗਏ ਹਨ।
ਸ਼ਨੀਵਾਰ ਨੂੰ ਥਾਣਾ ਝਬਾਲ ਦੀ ਪੁਲਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ‘ਚੋਂ ਪੋਸਟਮਾਰਟਮ ਕਰਵਾ ਦਿੱਤਾ। ਵਲਟੋਹਾ ਥਾਣੇ ਅਧੀਨ ਪੈਂਦੇ ਪਿੰਡ ਫਤਿਹਪੁਰ ਦਾ ਰਹਿਣ ਵਾਲਾ 23 ਸਾਲਾ ਕੁਲਦੀਪ ਸਿੰਘ ਠੇਕੇਦਾਰੀ ਦਾ ਕੰਮ ਕਰਦਾ ਸੀ। ਉਸ ਨੇ ਪਿੰਡ ਭੋਜੀਆਂ ਵਿੱਚ ਜ਼ਮੀਨ ਠੇਕੇ ’ਤੇ ਲਈ ਸੀ।
ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸਿੰਘ ਸ਼ੁੱਕਰਵਾਰ ਸ਼ਾਮ ਆਪਣੇ ਹਰਜੀਤ ਸਿੰਘ ਨਾਂ ਦੇ ਦੋਸਤ ਨਾਲ ਪਿੰਡ ਭੋਜੀਆ ਤੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਵਾਪਸ ਪਿੰਡ ਆ ਰਿਹਾ ਸੀ। ਜਦੋਂ ਕਿ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਗੋਸਾਬਾਦ ਦਾ ਰਹਿਣ ਵਾਲਾ 22 ਸਾਲਾ ਪ੍ਰਦੀਪ ਸਿੰਘ ਦੀਪੂ ਆਪਣੇ ਦੋਸਤ ਗੁਰਪ੍ਰੀਤ ਸਿੰਘ ਗੋਪੀ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਝਬਾਲ ਨੂੰ ਜਾ ਰਿਹਾ ਸੀ।
ਪਿੰਡ ਛਿਛਰੇਵਾਲ ਨੇੜੇ ਸੜਕ ਦੇ ਵਿਚਕਾਰ ਇੱਕ ਬੇਸਹਾਰਾ ਗਾਂ ਘੁੰਮ ਰਹੀ ਸੀ, ਜਿਸ ਨੂੰ ਬਚਾਉਂਦੇ ਹੋਏ ਦੋਵੇਂ ਬਾਈਕ ਆਪਸ ਵਿੱਚ ਟਕਰਾ ਗਏ। ਹਾਦਸੇ ‘ਚ ਕੁਲਦੀਪ ਸਿੰਘ ਅਤੇ ਪ੍ਰਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਗੁਰਪ੍ਰੀਤ ਸਿੰਘ ਅਤੇ ਹਰਜੀਤ ਸਿੰਘ ਜ਼ਖਮੀ ਹੋ ਗਏ। ਥਾਣਾ ਝਬਾਲ ਦੇ ਐਸ.ਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸ਼ਨੀਵਾਰ ਨੂੰ ਸਿਵਲ ਹਸਪਤਾਲ ਤੋਂ ਧਾਰਾ-174 ਤਹਿਤ ਪੋਸਟਮਾਰਟਮ ਕਰਵਾਇਆ ਗਿਆ।