ਨਵੀਂ ਦਿੱਲੀ, 1 ਜਨਵਰੀ 2020 – ਟਿੱਕਰੀ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਲੱਗੀ ਸਟੇਜ ਤੋਂ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਸੂਬਾਈ ਆਗੂ ਹਰਿੰਦਰ ਕੌਰ ਬਿੰਦੂ ਵੱਲੋਂ ਐਲਾਨ ਕੀਤਾ ਗਿਆ ਕਿ ਸਰਕਾਰ ਨਾਲ਼ ਹੋਈ ਗੱਲਬਾਤ ਦੀ ਸੂਬਾ ਕਮੇਟੀ ‘ਚ ਸਮੀਖਿਆ ਕਰਨ ਉਪਰੰਤ ਗੱਲਬਾਤ ਦੇ ਨਾਲ ਨਾਲ ਸੰਘਰਸ਼ ਨੂੰ ਜਾਰੀ ਰੱਖਣ ਦੇ ਫੈਸਲੇ ਤਹਿਤ 2 ਜਨਵਰੀ ਨੂੰ ਇੱਕ ਹਜ਼ਾਰ ਟਰੈਕਟਰਾਂ ਦੇ ਉੱਤੇ ਹਰਿਆਣਾ ਦੇ ਪਿੰਡਾਂ ‘ਚ ਮਾਰਚ ਕਰਨ ਦੇ ਸੱਦੇ ਨੂੰ ਪੂਰੇ ਜ਼ੋਰ ਨਾਲ ਲਾਗੂ ਕਰਨ ਦਾ ਫੈਸਲਾ ਲਿਆ ਗਿਆ।
ਉਹਨਾਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਕਿਸਾਨਾਂ ਦੀਆਂ 50 ਫੀਸਦੀ ਮੰਗਾਂ ਮੰਨਣ ਦੇ ਬਿਆਨ ਨੂੰ ਗੁੰਮਰਾਹ ਕੁੰਨ ਤੇ ਝੂਠਾ ਕਰਾਰ ਦਿੱਤਾ। ਉਹਨਾਂ ਆਖਿਆ ਕਿ ਮੀਟਿੰਗ ਦੌਰਾਨ ਸਰਕਾਰ ਐਮ ਐਸ ਪੀ ਜ਼ਾਰੀ ਰੱਖਣ ਦੇ ਲਿਖ਼ਤੀ ਭੋਰੋਸੇ ਦੇ ਵਾਅਦੇ ਤਾਂ ਕਰਦੀ ਰਹੀ ਪਰ ਪੂਰੇ ਮੁਲਕ ‘ਚ ਸਭਨਾਂ ਫਸਲਾਂ ‘ਤੇ ਐਮ ਐਸ ਪੀ ਅਤੇ ਸਰਕਾਰੀ ਖਰੀਦ ਦੀ ਸੰਵਿਧਾਨਕ ਗਾਰੰਟੀ ਦੇਣ ਲਈ ਤਿਆਰ ਨਹੀਂ ਹੋਈ। ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਐਮ ਐਸ ਪੀ ਸਬੰਧੀ ਕਾਨੂੰਨ ਬਣਾਏ ਤੋਂ ਬਿਨਾਂ ਲਿਖਤੀ ਵਾਅਦੇ ਦੀ ਕੋਈ ਵੁੱਕਤ ਨਹੀਂ ਕਿਉਂਕਿ ਇਸਨੂੰ ਜਦੋਂ ਮਰਜ਼ੀ ਬਦਲਿਆ ਜਾ ਸਕਦਾ ਹੈ।
ਉਹਨਾਂ ਆਖਿਆ ਕਿ ਕਿਸਾਨਾਂ ਦੀ ਮੰਗ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਾਉਣ ਦੀ ਹੈ ਜੋ ਬਿਜਲੀ ਬੋਰਡ ਦੇ ਮੁਕੰਮਲ ਨਿੱਜੀਕਰਨ ਦਾ ਕਦਮ ਹੈ ਪਰ ਕੇਂਦਰ ਸਰਕਾਰ ਕਿਸਾਨਾਂ ਨੂੰ ਖੇਤੀ ਮੋਟਰਾਂ ਤੇ ਮਿਲਦੀ ਸਬਸਿਡੀ ਦੀ ਵਕਤੀ ਰਾਹਤ ਦੇਣ ਲਈ ਹੀ ਤਿਆਰ ਹੈ ਪਰ ਬਿੱਲ ਰੱਦ ਕਰਨ ਲਈ ਤਿਆਰ ਨਹੀਂ ਜ਼ੋ ਕਿਸਾਨਾਂ ਨੂੰ ਮਨਜ਼ੂਰ ਨਹੀਂ। ਉਹਨਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ 2 ਜਨਵਰੀ ਨੂੰ ਹਰਿਆਣਾ ਦੇ ਪਿੰਡਾਂ ‘ਚ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਵਿੱਚ ਵਧ ਚੜ੍ਹਕੇ ਸ਼ਾਮਲ ਹੋਣ।