- ਘਰਾਂ ਚ ਵਰਤੇ ਜਾਣ ਵਾਲੇ ਭਾਂਡੇ ਜਿਵੇਂ ਕਿ ਟੌਪ, ਕੁੱਕਰ, ਪਰਾਤ, ਜੱਗ, ਗੜਵੀ, ਥਾਲੀ ਆਦਿ ਮਨਪ੍ਰੀਤ ਬਾਦਲ, ਬ੍ਰਹਮ ਮਹਿੰਦਰਾ, ਸ਼ਾਮ ਸੁੰਦਰ ਅਰੋੜਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਮੋੜਨ ਜਾਣਗੇ
- ਕਾਂਗਰਸ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਰੈਗੂਲਰ ਨਾ ਕਰਨ ਤੋਂ ਖਫਾ ਨੇ ਮੁਲਾਜ਼ਮ
ਚੰਡੀਗੜ੍ਹ, 30 ਦਸੰਬਰ 2020 – ਟੌਪ, ਕੁੱਕਰ, ਪਰਾਤ, ਜੱਗ, ਗੜਵੀ, ਥਾਲੀ ਆਦਿ ਇਹ ਭਾਂਡੇ ਅਕਸਰ ਘਰਾਂ ਵਿਚ ਰੋਟੀ ਪਕਾਉਣ ਜਾ ਖਾਣ ਲਈ ਵਰਤੇ ਜਾਂਦੇ ਹਨ ਪਰ ਇਹ ਪਹਿਲੀ ਵਾਰ ਦੇਖਣ ਨੂੰ ਮਿਲੇਗਾ ਕਿ ਇਹ ਕਿਸੇ ਮੰਤਰੀ ਦੇ ਘਰ ਰੋਸ ਵਜੋਂ ਇਹ ਭਾਂਡੇ ਦਿੱਤੇ ਜਾਣ, ਮੁਲਜ਼ਮਾਂ ਦਾ ਤਰਕ ਹੈ ਕਿ 15 ਸਾਲਾਂ ਤੋਂ ਨੌਕਰੀ ਕਰਨ ਦੇ ਬਾਵਜੂਦ ਵੀ ਉਹ ਘਰ ਚਲਾਉਣ ਤੋ ਅਸਮਰੱਥ ਹਨ ਅਤੇ ਸਰਕਾਰ ਨੇ ਲਾਰਿਆ ਤੋਂ ਇਲਾਵਾ ਕੁਝ ਨਹੀ ਦਿੱਤਾ ਤਾਂ ਫਿਰ ਉਹਨਾਂ ਭਾਂਡੇ ਕੀ ਕਰਨੇ ਹਨ। ਇਸ ਲਈ ਉਹ ਇਹ ਭਾਂਡੇ ਸਰਕਾਰ ਦੇ ਲਾਰਿਆ ਨਾਲ ਭਰ ਕੇ ਚਾਰ ਕੈਬਿਨਟ ਮੰਤਰੀਆ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮਨਪ੍ਰੀਤ ਸਿੰਘ ਬਾਦਲ, ਬ੍ਰਹਮ ਮਹਿੰਦਰਾਂ ਅਤੇ ਸ਼ਾਮ ਸੁੰਦਰ ਅਰੋੜਾ ਦੇ ਘਰ ਮੋੜਨ ਜਾਣਗੇ।
ਦਫਤਰੀ ਮੁਲਾਜ਼ਮ ਪੰਜਾਬ ਸਰਕਾਰ ਤੇ ਵਿਭਾਗ ਵੱਲੋਂ ਕੀਤੀ ਗਈ ਵਿਤਕਰੇਬਾਜ਼ੀ ਤੋਂ ਨਰਾਜ਼ ਹਨ। ਸਿੱਖਿਆ ਵਿਭਾਗ ਵੱਲੋਂ ਸਮੇਂ ਸਮੇਂ ਤੇ ਵਿਭਾਗ ਵਿਚ ਕੰਮ ਕਰਦੇ ਕੱਚੇ ਅਧਿਆਪਕਾਂ ਨੂੰ ਪੱਕਾ ਤਾਂ ਕੀਤਾ ਹੈ ਪਰ ਹਰ ਵਾਰ ਦਫਤਰੀ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸਾਲ 2018 ਦੋਰਾਨ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ 1 ਅਪ੍ਰੈਲ 2018 ਤੋਂ ਵਿਭਾਗ ਵਿਚ ਪੱਕੇ ਕਰ ਦਿੱਤਾ ਗਿਆ ਪਰ ਇਸ ਵਾਰ ਵੀ ਦਫਤਰੀ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਗਿਆ ਜਿਸ ਤੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਸਿਰਫ ਅਧਿਆਪਕਾਂ ਦਾ ਹੀ ਵਿਭਾਗ ਹੈ ਅਤੇ ਇਸ ਵਿਚ ਸਿਰਫ ਤੇ ਸਿਰਫ ਅਧਿਆਪਕਾਂ ਦੀ ਹੀ ਸੁਣਵਾਈ ਹੁੰਦੀ ਹੈ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਮੁਲਾਜ਼ਮ ਆਗੂ ਵਿਕਾਸ ਕੁਮਾਰ, ਆਸ਼ੀਸ਼ ਜੁਲਾਹਾ, ਪਰਵੀਨ ਸ਼ਰਮਾਂ ਰਜਿੰਦਰ ਸਿੰਘ ਸੰਧਾ, ਗੁਰਪ੍ਰੀਤ ਸਿੰਘ ਚਮਕੋਰ ਸਿੰਘ, ਦਵਿੰਦਰਜੀਤ ਸਿੰਘ,ਸਰਬਜੀਤ ਸਿੰਘ ਟੁਰਨਾ, ਹਰਪ੍ਰੀਤ ਸਿੰਘ ਨੇ ਕਿਹਾ ਕਿ ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਬਾਅਦ ਵੀ ਤਕਰੀਬਨ ਢਾਈ ਸਾਲਾਂ ਦੋਰਾਨ ਸਰਕਾਰ ਦੇ ਹਰ ਦੁਆਰ ਤੇ ਅਪੀਲ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀ ਹੋ ਰਹੀ ਹੈ ਇਸ ਕਰਕੇ ਮੁਲਾਜ਼ਮਾਂ ਨੇ ਹੁਣ ਸਾਲ ਦੇ ਪਹਿਲੇ ਦਿਨ ਤੋਂ ਹੀ ਸਘੰਰਸ਼ ਵਿਚ ਕੁੱਦਣ ਦਾ ਐਲਾਨ ਕਰ ਦਿੱਤਾ ਹੈ ਅਤੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲਾਰਿਆ ਨਾਲ ਭਰੇ ਭਾਂਡੇ ਮੁਲਾਜ਼ਮ ਮੰਤਰੀਆ ਦੇ ਘਰ ਹੀ ਰੱਖ ਕੇ ਆਉਣਗੇ।