ਅੰਮ੍ਰਿਤਸਰ, 3 ਦਸੰਬਰ 2022 – ਅੰਮ੍ਰਿਤਸਰ ‘ਚ ਸ਼ੁੱਕਰਵਾਰ ਦੁਪਹਿਰ ਅਦਾਲਤੀ ਕੰਪਲੈਕਸ ਤੋਂ ਅੰਡਰ ਟਰਾਇਲ ਗੈਂਗਸਟਰ ਫਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕੇ ਭੱਜਣ ਵਾਲਾ ਗੈਂਗਸਟਰ ਲਾਰੈਂਸ ਗੈਂਗ ਦਾ ਮੈਂਬਰ ਹੈ। ਫਿਲਹਾਲ ਪੁਲਸ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਦਾਲਤ ਦੀ ਚਾਰਦੀਵਾਰੀ ਤੋਂ ਫਰਾਰ ਹੋਇਆ ਮੁਲਜ਼ਮ ਨਿਤਿਨ ਨਾਹਰ ਕੋਈ ਹੋਰ ਨਹੀਂ ਸਗੋਂ ਲਾਰੈਂਸ ਦਾ ਹੀ ਸਾਥੀ ਹੈ। ਜਿਸ ਨੂੰ ਲਾਰੈਂਸ ਡਰਾਉਣ ਅਤੇ ਫਿਰੌਤੀ ਲਈ ਵਰਤਦਾ ਹੈ। ਅੰਮ੍ਰਿਤਸਰ ‘ਚ ਨਾਹਰ ਖਿਲਾਫ ਚੋਰੀ ਦੇ ਮਾਮਲੇ ਦਰਜ ਹਨ ਪਰ ਮੋਹਾਲੀ ‘ਚ ਵੀ ਲਾਰੈਂਸ ਦੇ ਇਸ਼ਾਰੇ ‘ਤੇ ਇਕ ਠੇਕੇਦਾਰ ‘ਤੇ ਗੋਲੀ ਚਲਾਉਣ ਦੀ ਸ਼ਿਕਾਇਤ ਹੈ।ਜਿਸ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਸਮੇਂ ਪੁਲੀਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।
ਨਿਤਿਨ ਨੂੰ ਪੰਜਾਬ ਪੁਲਿਸ ਨੇ ਗੋਇੰਦਵਾਲ ਜੇਲ੍ਹ ਵਿੱਚ ਰੱਖਿਆ ਹੋਇਆ ਸੀ। ਉਸ ਖ਼ਿਲਾਫ਼ ਮੁਹਾਲੀ ਤੋਂ ਇਲਾਵਾ ਤਰਨਤਾਰਨ ਵਿੱਚ ਵੀ ਧਾਰਾ 307 ਤਹਿਤ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਹੈ। ਇੱਥੋਂ ਹੀ ਪੁਲੀਸ ਉਸ ਨੂੰ ਪੇਸ਼ੀ ਲਈ ਅੰਮ੍ਰਿਤਸਰ ਅਦਾਲਤ ਵਿੱਚ ਲੈ ਕੇ ਆਈ।
ਨਿਤਿਨ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜਨ ਦੇ ਕਰੀਬ ਕੇਸ ਦਰਜ ਹਨ। ਤਰਨਤਾਰਨ ਪੁਲਸ ਨੇ ਅਜਿਹੇ ਬਦਮਾਸ਼ ਅਪਰਾਧੀ ਅਤੇ ਉਸ ਦੇ ਦੂਜੇ ਸਾਥੀ ਸਾਹਿਲ ਦੇ ਨਾਲ ਸੁਰੱਖਿਆ ਲਈ ਸਿਰਫ ਇਕ ਪੁਲਸ ਕਰਮਚਾਰੀ ਨੂੰ ਭੇਜਿਆ ਸੀ।
ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ੀ ਲਈ ਲਿਆਂਦੇ ਗਏ ਦੋ ਅਪਰਾਧੀ ਪੁਲਸ ਦੀ ਗ੍ਰਿਫਤ ‘ਚੋਂ ਫ਼ਰਾਰ ਹੋ ਗਏ। ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅਦਾਲਤ ਦੇ ਬਾਹਰ ਆ ਕੇ ਇਕ ਦੋਸ਼ੀ ਸਾਹਿਲ ਨੂੰ ਕਾਬੂ ਕਰ ਲਿਆ ਗਿਆ ਜਦਕਿ ਉਸ ਦਾ ਦੂਜਾ ਸਾਥੀ ਨਿਤਿਨ ਨਾਹਰ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਪੁਲਿਸ ਇਸ ਮਾਮਲੇ ਨੂੰ ਦਬਾਉਂਦੀ ਰਹੀ, ਪਰ ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਭਗੌੜਾ ਇੱਕ ਬਦਨਾਮ ਅਪਰਾਧੀ ਅਤੇ ਲਾਰੈਂਸ ਗਰੋਹ ਦਾ ਮੈਂਬਰ ਹੈ।