ਬਠਿੰਡਾ, 26 ਅਕਤੂਬਰ 2024:ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਬੁਲਾਰੇ ਅਤੇ ਪੰਜਾਬ ਮੱਧਮ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਨੀਲ ਗਰਗ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀ ਸ਼੍ਰੀ ਰਵਨੀਤ ਬਿੱਟੂ ਵੱਲੋਂ ਪੰਜਾਬ ‘ਤੇ ਲਾਏ ਗਏ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਤੱਥਾਂ ‘ਤੇ ਅਧਾਰਿਤ ਨਹੀਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰਨ ਅਤੇ ਸੂਬੇ ਦੇ ਆਰਥਿਕ ਹਾਲਾਤਾਂ ਨੂੰ ਬਰਬਾਦ ਕਰਨ ਦੀ ਇੱਕ ਸਾਜ਼ਿਸ਼ ਹੈ। ਸੱਚਾਈ ਇਹ ਹੈ ਕਿ ਇਹ ਸਾਰੀ ਰਾਜਨੀਤਿਕ ਖੇਡ ਹੈ, ਜਿਸ ਨਾਲ ਪੰਜਾਬ ਨੂੰ ਕਮਜ਼ੋਰ ਕਰਕੇ ਕਿਸਾਨਾਂ ਨੂੰ ਠੇਸ ਪਹੁੰਚਾਈ ਜਾ ਸਕੇ।
ਨੀਲ ਗਰਗ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਲੰਬੇ ਅਰਸੇ ਤੋਂ ਝੇਨੇ ਦੀ ਖੇਤੀ ਕਰਦੇ ਆ ਰਹੇ ਹਨ ਅਤੇ ਮਿਲਰਾਂ ਨੇ ਕੇਂਦਰ ਨੂੰ ਚਾਵਲ ਮੁਹੱਈਆ ਕਰਵਾਇਆ ਹੈ ਪਰੰਤੂ ਅਚਾਨਕ ਹੀ ਕੇਂਦਰ ਨੇ ₹44,000 ਕਰੋੜ ਦਾ ਮਸਲਾ ਖੜ੍ਹਾ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਹ ਰਕਮ, ਜਿਸ ਨੂੰ CCL ਲਿਮਿਟ ਕਹਿੰਦੇ ਹਨ, ਕੇਂਦਰ ਵੱਲੋਂ ਪੰਜਾਬ ਨੂੰ ਇਸ ਲਈ ਦਿੱਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਝੋਨੇ ਦੀ ਖਰੀਦ ਕਰੇ। ਇਹ ਝੋਨਾ ਤੋਂ ਚਾਵਲ ਬਣਾ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਰੋਲ ਸਿਰਫ ਝੋਨੇ ਦੀ ਖਰੀਦ ਕਰਨ ਦਾ ਹੈ, ਜੋ ਕਿ ਕੇਂਦਰ ਵੱਲੋਂ ਮਿਲਣ ਵਾਲੇ ਫੰਡ ਨਾਲ ਕੀਤਾ ਜਾਂਦਾ ਹੈ। ਇਸ ਚੇਨ ਵਿੱਚ ਮਜ਼ਦੂਰ ਅਤੇ ਆੜ੍ਹਤੀ ਵਰਗ ਵੀ ਸ਼ਾਮਲ ਹੈ। ਆੜ੍ਹਤੀਆਂ ਨੂੰ 2018 ਤੱਕ MSP ਤੋਂ ਉੱਪਰ 2.5% ਕਮਿਸ਼ਨ ਮਿਲਦੀ ਸੀ, ਜਿਸਨੂੰ ਹੁਣ ₹45 ਫਿਕਸ ਕਰ ਦਿੱਤਾ ਗਿਆ ਹੈ ਪਰੰਤੂ ਜਦੋਂ ਮਸਲਾ ਖੜ੍ਹਾ ਹੋ ਜਾਂਦਾ ਹੈ ਤਾਂ ਸਾਰਾ ਦੋਸ਼ ਪੰਜਾਬ ‘ਤੇ ਲਗਾ ਦਿੱਤਾ ਜਾਂਦਾ ਹੈ।
ਨੀਲ ਗਰਗ ਨੇ ਕਿਹਾ ਕਿ ਝੋਨੇ ਨੂੰ ਮਿਲਰਾਂ ਕੋਲ ਭੇਜਿਆ ਜਾਂਦਾ ਹੈ ਜੋ ਚਾਵਲ ਬਣਾਉਣ ਲਈ ਜ਼ਿੰਮੇਵਾਰ ਹੁੰਦੇ ਹਨ ਪਰ ਪਿਛਲੇ ਦੋ ਸਾਲਾਂ ਤੋਂ ਚਾਵਲ ਦੀ ਬੈਕਲਾਗ ਕਾਰਨ FCI ਨੇ ਸਟੋਰਜ ਖਾਲੀ ਨਹੀਂ ਕੀਤੇ ਹਨ, ਜਿਸ ਕਾਰਨ ਮਿਲਰਾਂ ਨੂੰ ਨਵੀਂ ਫਸਲ ਲਈ ਥਾਂ ਨਹੀਂ ਮਿਲ ਰਹੀ। ਜੇ ਝੋਨੇ ਵਿਚ ਨਮੀ ਰਹਿੰਦੀ ਹੈ ਤਾਂ ਇਸ ਦਾ ਗੁਣਵੱਤਾ ਘਟਣ ਦਾ ਖਤਰਾ ਹੈ ਅਤੇ ਇਸ ਦੇ ਨੁਕਸਾਨ ਦੀ ਜ਼ਿੰਮੇਵਾਰੀ FCI ਦੀ ਬਣਦੀ ਹੈ।ਨੀਲ ਗਰਗ ਨੇ ਕਿਹਾ ਕਿ PR-126 ਬੀਜ ਦੇ ਸੰਬੰਧ ਵਿਚ, ਜੋ ਕੇਂਦਰ ਹੁਣ ਮੁੱਦਾ ਬਣਾ ਰਹੀ ਹੈ, ਇਹ ਬੀਜ 2016 ਤੋਂ ਪੰਜਾਬ ਵਿੱਚ ਬਿਜਿਆ ਜਾ ਰਿਹਾ ਹੈ। ਜੇ ਇਹ ਬੀਜ ਹੋਰ ਸੂਬਿਆਂ ਵਿੱਚ ਕੋਈ ਸਮੱਸਿਆ ਪੈਦਾ ਨਹੀਂ ਕਰਦਾ ਤਾਂ ਪੰਜਾਬ ਵਿੱਚ ਹੀ ਇਹ ਮੁੱਦਾ ਕਿਉਂ ਹੈ?
ਸੱਚਾਈ ਇਹ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਕਮਜ਼ੋਰ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ। ਕੇਂਦਰ ਨੇ RDF ਫੰਡ, ਨੈਸ਼ਨਲ ਹੈਲਥ ਮਿਸ਼ਨ ਫੰਡ ਅਤੇ ਸਿੱਖਿਆ ਮਿਸ਼ਨ ਦੇ ਫੰਡ ਵੀ ਰੋਕ ਦਿੱਤੇ ਹਨ। ਹਾਲਾਂਕਿ ਪੰਜਾਬ ਸਰਕਾਰ RDF ਫੰਡ ਨੂੰ ਲੈ ਕੇ ਕਾਨੂੰਨ ਵੀ ਪਾਸ ਕਰ ਚੁੱਕੀ ਹੈ, ਫਿਰ ਵੀ ਇਹ ਫੰਡ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਸਾਡੇ ਕਿਸਾਨਾਂ, ਮਿਲਰਾਂ ਅਤੇ ਸੂਬੇ ਦੇ ਲੋਕਾਂ ਦੇ ਹੱਕ ਵਿੱਚ ਖੜ੍ਹੀ ਹੈ।