ਚੰਡੀਗੜ੍ਹ, 15 ਮਈ 2025 – ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਰਾਜੀਵ ਵਰਮਾ ਦੀ ਪ੍ਰਧਾਨਗੀ ਵਿੱਚ ਮਾਨਕੀਕਰਨ ‘ਤੇ ਰਾਜ ਪੱਧਰੀ ਕਮੇਟੀ ਦੀ ਬੈਠਕ ਆਯੋਜਿਤ ਕੀਤੀ ਗਈ। ਕਮੇਟੀ ਦਾ ਉਦੇਸ਼ ਯੂਟੀ ਵਿੱਚ ਇੱਕ ਮਜ਼ਬੂਤ ਗੁਣਵੱਤਾ ਪ੍ਰਣਾਲੀ ਬਣਾਉਣ ਅਤੇ ਖਪਤਕਾਰਾਂ ਦੇ ਹਿਤਾਂ ਦੀ ਰੱਖਿਆ ਦੇ ਲਈ ਭਾਰਤੀ ਮਿਆਰਾਂ ਦੀ ਵਰਤੋਂ ਨੂੰ ਹੁਲਾਰਾ ਦੇਣਾ ਹੈ।
ਭਾਰਤੀ ਮਿਆਰ ਬਿਊਰੋ (ਉੱਤਰੀ ਭਾਰਤ) ਦੇ ਡਿਪਟੀ ਡਾਇਰੈਕਟਰ ਜਨਰਲ ਸਨੇਹ ਲਤਾ ਦੁਆਰਾ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ। ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਨੇ ਸਾਰੇ ਪਬਲਿਕ ਡੀਲਿੰਗ ਵਿਭਾਗਾਂ ਨੂੰ ਰਿਸ਼ਵਤਖੋਰੀ ਵਿਰੋਧੀ ਪ੍ਰਬੰਧਨ ਪ੍ਰਣਾਲੀ (IS0 37001) ਪ੍ਰਮਾਣੀਕਰਣ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਾਰੇ ਵਿਭਾਗਾਂ ਵਿੱਚ ਸੇਵਾ ਗੁਣਵੱਤਾ ਪ੍ਰਬੰਧਨ ਪ੍ਰਣਾਲੀ (ਐੱਸਕਿਊਐੱਮ ਐੱਸ/SQMS) ਨੂੰ ਲਾਗੂ ਕਰਨ ਲਈ ਯੋਜਨਾਵਾਂ ਬਣਾਉਣ ਦੇ ਨਿਰਦੇਸ਼ ਦਿੱਤੇ। ਕਮਿਸ਼ਨਰ, ਨਗਰ ਨਿਗਮ ਅਤੇ ਇਸਟੇਟ ਆਫ਼ਿਸ, ਖਾਸ ਕਰਕੇ ਪੁਰਾਣੇ ਰਿਕਾਰਡਾਂ ਨੂੰ ਸੁਚਾਰੂ ਬਣਾਉਣ ਲਈ ਰਿਕਾਰਡ ਪ੍ਰਬੰਧਨ ਪ੍ਰਣਾਲੀ ਲਾਗੂ ਕਰਨ ਲਈ ਕਿਹਾ ਗਿਆ।
ਮੁੱਖ ਸਕੱਤਰ ਨੇ ਚੰਡੀਗੜ੍ਹ ਵਿੱਚ ਪਾਇਪਡ ਪੀਣ ਵਾਲੇ ਪਾਣੀ ਪ੍ਰਬੰਧਨ ਪ੍ਰਣਾਲੀ ਲਈ ਪ੍ਰਮਾਣੀਕਰਣ ਲਈ ਅਰਜ਼ੀ ਦੇਣ ਦੀ ਪਹਿਲ ਦੇ ਲਈ ਨਗਰ ਨਿਗਮ, ਚੰਡੀਗੜ੍ਹ ਦੇ ਯਤਨਾਂ ਦੀ ਸ਼ਲਾਘਾ ਕੀਤੀ। ਜੇਕਰ ਇਹ ਸਰਟੀਫਿਕੇਟ ਪ੍ਰਾਪਤ ਹੋ ਜਾਂਦਾ ਹੈ, ਤਾਂ ਚੰਡੀਗੜ੍ਹ ਦੇਸ਼ ਵਿੱਚ ਪਹਿਲਾ ਹੋਵੇਗਾ ਜਿਸ ਦੇ ਪਾਸ ਇਹ ਸਰਟੀਫਿਕੇਟ ਹੋਵੇਗਾ। ਇਸ ਨਾਲ ਇਹ ਸੁਨਿਸ਼ਚਿਤ ਹੋਵੇਗਾ ਕਿ ਚੰਡੀਗੜ੍ਹ ਦੇ ਵਸਨੀਕਾਂ ਨੂੰ ਸਪਲਾਈ ਕੀਤਾ ਜਾ ਰਿਹਾ ਪਾਣੀ ਸਾਰੇ ਵਸਨੀਕਾਂ ਦੀ ਭਲਾਈ ਲਈ ਪੀਣ ਵਾਲੇ ਪਾਣੀ (ਆਈਐੱਸ/IS 10500) ਦੀਆਂ ਜ਼ਰੂਰਤਾਂ ਦਾ ਅਨੁਪਾਲਨ ਕਰਦਾ ਹੈ।

ਮੁੱਖ ਇੰਜੀਨੀਅਰ, ਯੂਟੀ ਚੰਡੀਗੜ੍ਹ ਨੂੰ ਚੰਡੀਗੜ੍ਹ ਲਈ ਵਿਸ਼ੇਸ਼ ਬਿਲਡਿੰਗ ਉਪ-ਨਿਯਮਾਂ ਯਾਨੀ ਕਿ ਬੀਆਈਐੱਸ (BIS) ਦੁਆਰਾ ਵਿਕਸਿਤ ਐੱਸਪੀ/SP 73 ਨੂੰ ਲਾਗੂ ਕਰਨ ਅਤੇ ਚੰਡੀਗੜ੍ਹ ਵਿੱਚ ਊਰਜਾ ਪ੍ਰਬੰਧਨ ਪ੍ਰਣਾਲੀ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ। ਯੂਟੀ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ ਨੂੰ ਸੁਨਿਸ਼ਚਿਤ ਕਰਨ ਲਈ, ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਨੂੰ ਇੱਕ ਨੋਡਲ ਅਧਿਕਾਰੀ (ਐੱਚਓਡੀਜ਼/HoD’s ਦੇ ਰੈਂਕ ਤੋਂ ਘੱਟ ਨਾ ਹੋਵੇ) ਨਾਮਜ਼ਦ ਕਰਨ ਦੇ ਨਿਰਦੇਸ਼ ਦਿੱਤੇ ਜਿਸ ਨੂੰ ਗੁਣਵੱਤਾ ਨੂੰ ਸੁਨਿਸ਼ਚਿਤ ਕਰਨ ਅਤੇ ਜਨਤਕ ਸੇਵਾ ਦੀ ਸੰਤੁਸ਼ਟੀ ਪ੍ਰਾਪਤ ਕਰਨ ਦੇ ਨਤੀਜੇ ਦਾ ਲਾਭ ਉਠਾਉਣ ਲਈ ਬੀਆਈਐੱਸ (BIS) ਦੁਆਰਾ ਅੱਗੇ ਟ੍ਰੇਨਿੰਗ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ, ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਨੂੰ ਸਾਰੇ ਗੁਣਵੱਤਾ ਨਿਯੰਤ੍ਰਣ ਆਦੇਸ਼ਾਂ (ਕਿਊਸੀਓਜ਼/QCOs) ਦਾ ਅਨੁਪਾਲਨ ਸੁਨਿਸ਼ਚਿਤ ਕਲਨ ਦੇ ਨਿਰਦੇਸ਼ ਦਿੱਤੇ। ਸਕੱਤਰ ਉਦਯੋਗ ਨੂੰ ਸਾਰੇ ਉਦਯੋਗਾਂ ਖਾਸ ਕਰਕੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼/MSMEs) ਲਈ ਵਧੇਰੇ ਜਾਗਰੂਕਤਾ ਪ੍ਰੋਗਰਾਮ ਚਲਾਉਣ ਦੇ ਨਿਰਦੇਸ਼ ਦਿੱਤੇ ਗਏ। ਇਹ ਵੀ ਨਿਰਦੇਸ਼ ਦਿੱਤਾ ਗਿਆ ਕਿ ਆਮ ਲੋਕਾਂ ਨੂੰ ਬੀਆਈਐੱਸ ਕੇਅਰ ਐਪ (BIS Care App) ਬਾਰੇ ਜਾਗਰੂਕ ਕੀਤਾ ਜਾਵੇ ਜੋ ਸੋਨੇ ਅਤੇ ਚਾਂਦੀ ਜਿਹੀਆਂ ਕੀਮਤੀ ਧਾਤਾਂ ਅਤੇ ਉਤਪਾਦਾਂ ਦੀ ਸਚਾਈ ਅਤੇ ਪ੍ਰਮਾਣਿਕਤਾ ਦੀ ਪੁਸ਼ਟੀ ਕਰਦੀ ਹੈ।
ਬੈਠਕ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਪ੍ਰਬੰਧਕੀ ਸਕੱਤਰਾਂ ਸਹਿਤ ਗ੍ਰਹਿ ਸਕੱਤਰ, ਵਿੱਤ ਸਕੱਤਰ, ਖੁਰਾਕ ਅਤੇ ਸਪਲਾਈ ਸਕੱਤਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਉਦਯੋਗਾਂ, ਖਪਤਕਾਰ ਸੰਗਠਨਾਂ ਅਤੇ ਸਿੱਖਿਆ ਸ਼ਾਸਤਰੀਆਂ (academia) ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।
