ਬਠਿੰਡਾ, 17 ਮਈ 2022 – ਪੰਜਾਬ ਦੇ ਬਠਿੰਡਾ ‘ਚ ਸੋਮਵਾਰ ਰਾਤ ਨੂੰ ਹਨੂੰਮਾਨ ਚਾਲੀਸਾ ਦੀ ਹੋਈ ਬੇਅਦਬੀ ਦੇ ਕੁਝ ਘੰਟਿਆਂ ਬਾਅਦ ਮੰਗਲਵਾਰ ਸਵੇਰੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਨਿਰੰਕਾਰੀ ਸਮਾਜ ਤੋਂ ਇਲਾਵਾ ਡੇਰਾ ਸੱਚਾ ਸੌਦਾ ਨਾਲ ਸਬੰਧਤ ਧਾਰਮਿਕ ਪੁਸਤਕਾਂ ਦੇ ਪੰਨੇ ਵੀ ਪਾੜ ਕੇ ਸੁੱਟੇ ਗਏ।
ਬੇਅਦਬੀ ਦੀ ਘਟਨਾ ਮੰਗਲਵਾਰ ਸਵੇਰੇ ਡੀ ਡੀ ਮਿੱਤਲ ਟਾਵਰ ਕਲੋਨੀ ਵਿੱਚ ਵਾਪਰੀ, ਜਿਸ ਤੋਂ ਬਾਅਦ ਪੁਲਿਸ ਨੇ ਕਲੋਨੀ ਨੂੰ ਸੀਲ ਕਰ ਦਿੱਤਾ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਮੌਕੇ ‘ਤੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਦੋਵਾਂ ਮਾਮਲਿਆਂ ‘ਚ ਪੁਲਸ ਜਾਂਚ ਜਾਰੀ ਹੈ। ਬਠਿੰਡਾ ਸ਼ਹਿਰ ਵਿੱਚ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਵੱਖ-ਵੱਖ ਫਿਰਕਿਆਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਲੋਕ ਸਹਿਮੇ ਹੋਏ ਹਨ।
ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਹਨੂੰਮਾਨ ਚਾਲੀਸਾ ਨੂੰ ਪਾੜ ਕੇ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਨੇੜੇ ਸੁੱਟ ਦਿੱਤਾ। ਇਸ ਸਬੰਧੀ ਸੂਚਨਾ ਮਿਲਣ ‘ਤੇ ਪੁਲਿਸ ਨੇ ਹਰਕਤ ‘ਚ ਆਉਂਦਿਆਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਘਟਨਾ ਤੋਂ ਕੁਝ ਘੰਟਿਆਂ ਬਾਅਦ, ਮੰਗਲਵਾਰ ਸਵੇਰੇ ਬੇਅਦਬੀ ਦੀ ਦੂਜੀ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਬਠਿੰਡਾ ਸ਼ਹਿਰ ਦੇ ਮੁਲਤਾਨੀਆ ਰੋਡ ‘ਤੇ ਡੀਡੀ ਮਿੱਤਲ ਟਾਵਰ ‘ਤੇ ਗੁਟਕਾ ਸਾਹਿਬ ਅਤੇ ਨਿਰੰਕਾਰੀ ਮੱਤ ਨਾਲ ਸਬੰਧਤ ਧਾਰਮਿਕ ਗ੍ਰੰਥ ਪਾੜ ਕੇ ਸੁੱਟ ਦਿੱਤਾ ਗਿਆ।
ਮਿੱਤਲ ਟਾਵਰ ਦੇ ਲੋਕਾਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6.30 ਵਜੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਨਾਲ ਸਬੰਧਤ ਇਕ ਕਿਤਾਬ ਦਾ ਪੰਨਾ ਉਪਰੋਂ ਹੇਠਾਂ ਸੁੱਟ ਦਿੱਤਾ ਗਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਨਿਰੰਕਾਰੀ ਸਮਾਜ ਨਾਲ ਸਬੰਧਤ ਇਕ ਧਾਰਮਿਕ ਪੁਸਤਕ ਦਾ ਪੰਨਾ ਪਾੜ ਕੇ ਸੁੱਟ ਦਿੱਤਾ ਗਿਆ। ਉਸ ਨੇ ਪੁਲੀਸ ਨੂੰ ਸੂਚਿਤ ਕੀਤਾ ਪਰ ਪੁਲੀਸ ਨੇ ਕਾਰਵਾਈ ਕਰਨ ਤੋਂ ਗੁਰੇਜ਼ ਕੀਤਾ। ਇਸ ਤੋਂ ਬਾਅਦ ਸਵੇਰੇ 9.30 ਵਜੇ ਦੇ ਕਰੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਤੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਉਪਰੋਂ ਸੁੱਟ ਦਿੱਤੇ ਗਏ।
ਵੱਖ-ਵੱਖ ਧਰਮਾਂ ਨਾਲ ਸਬੰਧਤ ਧਰਮ ਗ੍ਰੰਥਾਂ ਦੀ ਬੇਅਦਬੀ ਦੀ ਖ਼ਬਰ ਫੈਲਦਿਆਂ ਹੀ ਡੀਡੀ ਮਿੱਤਲ ਟਾਵਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਇਸ ਤੋਂ ਬਾਅਦ ਗੁਰਦੁਆਰੇ ਦੇ ਗ੍ਰੰਥੀ ਨੂੰ ਬੁਲਾਇਆ ਗਿਆ। ਗ੍ਰੰਥੀ ਅਤੇ ਕੁਝ ਲੋਕਾਂ ਨੇ ਬੜੇ ਸਤਿਕਾਰ ਨਾਲ ਗੁਟਕਾ ਸਾਹਿਬ ਦੇ ਅੰਗ ਇਕੱਠੇ ਕਰਕੇ ਪੁਲਿਸ ਹਵਾਲੇ ਕਰ ਦਿੱਤੇ। ਗੁਟਕਾ ਸਾਹਿਬ ਦੇ ਅਪਮਾਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਡੀਡੀ ਮਿੱਤਲ ਟਾਵਰ ਕਲੋਨੀ ਨੂੰ ਸੀਲ ਕਰ ਦਿੱਤਾ ਹੈ।
ਇਸ ਘਟਨਾ ਤੋਂ ਬਾਅਦ ਡੀਡੀ ਮਿੱਤਲ ਟਾਵਰ ਇਲਾਕੇ ‘ਚ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਟਾਵਰ ਦੇ ਏ ਨਾਕੇ ‘ਤੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਤਾਂ ਪੁਲਿਸ ਨੇ ਵੀ ਘਟਨਾ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ।
ਡੀਐਸਪੀ ਚਿਰੰਜੀਵ ਨੇ ਦੱਸਿਆ ਕਿ ਡੀਡੀ ਮਿੱਤਲ ਟਾਵਰ ਦੀ ਦਸਵੀਂ ਮੰਜ਼ਿਲ ’ਤੇ ਰਹਿਣ ਵਾਲੀ ਇੱਕ ਐਨਆਰਆਈ ਔਰਤ ਨੇ ਆਪਣੀ ਲਾਬੀ ਵਿੱਚ ਵੱਖ-ਵੱਖ ਧਰਮਾਂ ਨਾਲ ਸਬੰਧਤ ਕੁਝ ਕਿਤਾਬਾਂ ਅਤੇ ਗੁਟਕਾ ਸਾਹਿਬ ਰੱਖੇ ਹੋਏ ਸਨ। ਉਥੋਂ ਗੁਟਕਾ ਸਾਹਿਬ ਦੇ ਅੰਗ ਡਿੱਗੇ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਹੋਵੇਗਾ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।