- ਆਬਕਾਰੀ ਇੰਸਪੈਕਟਰ ਗ੍ਰਿਫਤਾਰ, 20000 ਰੁਪਏ ਹੋਰ ਮੰਗੀ ਸੀ ਰਿਸ਼ਵਤ
ਚੰਡੀਗੜ੍ਹ, 16 ਅਗਸਤ, 2024 – ਪੰਜਾਬ ਵਿਜੀਲੈਂਸ ਬਿਊਰੋ ਨੇ ਆਬਕਾਰੀ ਤੇ ਕਰ ਵਿਭਾਗ, ਪੰਜਾਬ ਦੇ ਕਪੂਰਥਲਾ ਵਿਖੇ ਤਾਇਨਾਤ ਦੋ ਕਰਮਚਾਰੀਆਂ ਜਤਿੰਦਰਪਾਲ ਸਿੰਘ, ਇੰਸਪੈਕਟਰ ਅਤੇ ਸੰਜੀਵ ਮਲਹੋਤਰਾ, ਕਲਰਕ ਵਿਰੁੱਧ 10,000 ਰੁਪਏ ਰਿਸ਼ਵਤ ਲੈਣ ਅਤੇ 20,000 ਰੁਪਏ ਦੀ ਹੋਰ ਰਿਸ਼ਵਤ ਮੰਗਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਸ ਮੁਕੱਦਮੇ ਵਿੱਚ ਇੰਸਪੈਕਟਰ ਜਤਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਵੇਂ ਮੁਲਜ਼ਮਾਂ ਖਿਲਾਫ ਮੁਹੱਲਾ ਕਿਆਮਪੁਰਾ, ਕਪੂਰਥਲਾ ਸ਼ਹਿਰ ਦੇ ਵਸਨੀਕ ਨੀਰਜ ਸ਼ਰਮਾ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਕਪੂਰਥਲਾ ਸ਼ਹਿਰ ਦੇ ਕਿਆਮਪੁਰਾ ਵਿਖੇ ਬਿਜਲੀ ਦੇ ਸਮਾਨ ਦੀ ਇੱਕ ਦੁਕਾਨ ਚਲਾ ਰਿਹਾ ਹੈ ਅਤੇ ਉਸਨੇ ਮਾਰਚ ਮਹੀਨੇ ਵਿੱਚ ਇੱਕ ਕੂਲਰ ਵੇਚਿਆ ਸੀ ਤੇ ਕਿਸੇ ਕਾਰਨ ਕੂਲਰ ਖ਼ਰੀਦਣ ਵਾਲੇ ਗਾਹਕ ਨਾਲ ਕੋਈ ਵਿਵਾਦ ਹੋ ਗਿਆ ਸੀ ਜਿਸ ਦੇ ਨਿਪਟਾਰੇ ਲਈ ਉਕਤ ਦੋਵੇਂ ਮੁਲਜ਼ਮਾਂ ਨੇ ਦਖਲ ਦਿੱਤਾ ਸੀ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਉਕਤ ਦੋਵੇਂ ਮੁਲਜ਼ਮਾਂ ਨੇ ਉਸ ਨੂੰ ਮੋਬਾਈਲ ਫ਼ੋਨ ’ਤੇ ਆਪਣੇ ਲੇਖਾਕਾਰ ਨਾਲ ਦਫ਼ਤਰ ਆਉਣ ਲਈ ਕਿਹਾ, ਜਿੱਥੇ ਉਕਤ ਬਿੱਲ ਵਿੱਚ ਬੇਨਿਯਮੀਆਂ ਦੇ ਨਿਪਟਾਰੇ ਲਈ ਉਸ ਤੋਂ 45,000 ਰੁਪਏ ਰਿਸ਼ਵਤ ਦੀ ਮੰਗ ਕੀਤੀ।
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਕਲਰਕ ਸੰਜੀਵ ਮਲਹੋਤਰਾ ਨੇ ਵਟਸਐਪ ਕਾਲ ’ਤੇ ਉਸ ਕੋਲ਼ੋਂ ਇਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਪਰ ਸੌਦਾ 30000 ਰੁਪਏ ’ਚ ਤੈਅ ਹੋ ਗਿਆ ਅਤੇ ਉਸ ਨੇ ਅਗਲੇ ਦਿਨ ਪਹਿਲੀ ਕਿਸ਼ਤ ਵਜੋਂ 10000 ਰੁਪਏ ਲੈ ਲਏ ਅਤੇ ਹੁਣ ਉਹ ਬਕਾਇਆ 20000 ਰੁਪਏ ਦੀ ਮੰਗ ਕਰ ਰਹੇ ਸਨ। ਸ਼ਿਕਾਇਤਕਰਤਾ ਨੇ ਮੁਲਜ਼ਮ ਨਾਲ ਫੋਨ ’ਤੇ ਹੋਈ ਗੱਲਬਾਤ ਰਿਕਾਰਡ ਕਰਕੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਤੋਂ ਬਾਅਦ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ ਸਹੀ-ਵ-ਦਰੁਸਤ ਪਾਏ ਗਏ ਹਨ ਕਿਉਂਕਿ ਇਹ ਜ਼ੁਬਾਨੀ ਸਬੂਤ ਵਜੋਂ ਪੇਸ਼ ਕੀਤੀ ਰਿਕਾਰਡਿਡ ਗੱਲਬਾਤ ਨਾਲ ਮੇਲ ਖਾਂਦੇ ਹਨ। ਇਸ ਤਫਤੀਸ਼ੀ ਰਿਪੋਰਟ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਵਿਰੁੱਧ ਐਫਆਈਆਰ ਨੰਬਰ 17 ਮਿਤੀ 14.8.24 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈਪੀਸੀ ਦੀ ਧਾਰਾ 384, 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਇੰਸਪੈਕਟਰ ਜਤਿੰਦਰਪਾਲ ਸਿੰਘ ਨੂੰ ਅੱਜ ਉਸ ਦੇ ਦਫ਼ਤਰ ਕਪੂਰਥਲਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਮੁਲਜ਼ਮ ਸੰਜੀਵ ਮਲਹੋਤਰਾ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।