ਲੁਧਿਆਣਾ, 29 ਜੁਲਾਈ 2022 – ਪੰਜਾਬ ਦੇ ਲੁਧਿਆਣਾ ਸ਼ਹਿਰ ‘ਚ ਕਾਲਾ ਕੱਚਾ ਗੈਂਗ ਤੋਂ ਬਾਅਦ ਹੁਣ ਨਵਾਂ ਚੱਡੀ ਗੈਂਗ ਸਰਗਰਮ ਹੋ ਗਿਆ ਹੈ। ਇਹ ਗਰੋਹ ਥਾਣਾ ਸਦਰ ਦੇ ਖੇਤਰ ਵਿੱਚ ਥਰੀਕੇ ਗੇਟ ਤੋਂ ਝਾਂਡੇ ਗੇਟ ਤੱਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਬਿਨਾਂ ਕੱਪੜਿਆਂ ਅਤੇ ਹੱਥਾਂ ‘ਚ ਤੇਜ਼ਧਾਰ ਹਥਿਆਰ ਲੈ ਕੇ ਸੜਕ ‘ਤੇ ਘੁੰਮ ਰਹੇ ਇਸ ਗਿਰੋਹ ਦੀ ਵਾਇਰਲ ਵੀਡੀਓ ਸਾਹਮਣੇ ਆਈ ਹੈ।
ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ 5 ਤੋਂ 6 ਵਿਅਕਤੀ ਬਿਨਾਂ ਕੱਪੜਿਆਂ ਦੇ ਸਿਰਫ ਚੱਡੀ (ਹਾਫ ਪੈਂਟ) ਪਾਏ ਅਤੇ ਹੱਥਾਂ ‘ਚ ਤੇਜ਼ਧਾਰ ਹਥਿਆਰ ਲੈ ਕੇ ਘੁੰਮ ਰਹੇ ਹਨ। ਇਹਨੇ ‘ਚ ਇੱਕ ਗੱਡੀ ਆਉਂਦੀ ਹੈ ਅਤੇ ਇਹ ਉਸ ਨੂੰ ਦੇਖ ਕੇ ਲੁਕ ਜਾਂਦੇ ਹਨ। ਮੁਲਜ਼ਮ ਹੁਣ ਤੱਕ 4 ਤੋਂ 5 ਵਾਰਦਾਤਾਂ ਕਰ ਚੁੱਕੇ ਹਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿੱਚ ਕਈ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ ਪਰ ਇਸ ਮਾਮਲੇ ਵਿੱਚ ਪੁਲੀਸ ਦੇ ਹੱਥ ਹਾਲੇ ਵੀ ਖਾਲੀ ਹਨ।
ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਚੱਡੀ ਗੈਂਗ ਨੇ ਸਰੀਰ ‘ਤੇ ਕੋਈ ਕੱਪੜਾ ਨਹੀਂ ਪਾਇਆ ਹੋਇਆ ਸੀ, ਸਿਰਫ ਚੱਡੀ (ਹਾਫ ਪੈਂਟ) ਸੀ। ਮੁਲਜ਼ਮਾਂ ਨੇ ਮੂੰਹ ਛੁਪਾਉਣ ਲਈ MONKEY CAP ਪਾਈ ਹੋਈ ਹੈ। ਦੋਸ਼ੀ ਨੂੰ ਬਿਨਾਂ ਕੱਪੜਿਆਂ ਦੇ ਇਸ ਤਰ੍ਹਾਂ ਸੜਕਾਂ ‘ਤੇ ਦੇਖ ਕੇ ਕੋਈ ਵੀ ਵਿਅਕਤੀ ਦੰਗ ਰਹਿ ਜਾਵੇਗਾ। ਵੀਡੀਓ ‘ਚ ਉਸ ਦੇ ਸਰੀਰ ਦੀ ਚਮਕ ਦੇਖ ਕੇ ਲੱਗਦਾ ਹੈ ਕਿ ਉਸ ਨੇ ਸਰੀਰ ‘ਤੇ ਕੁਝ ਤੇਲ ਲਗਾਇਆ ਹੈ, ਤਾਂ ਜੋ ਕੋਈ ਫੜ ਨਾ ਸਕੇ।

ਇਸ ਬਾਰੇ ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਕਿਹਾ ਕਿ ਉਹ ਇਸ ਗਰੋਹ ਬਾਰੇ ਜਾਣੂ ਹਨ। ਇਸ ਗਰੋਹ ਨੇ ਕਰੀਬ 3 ਤੋਂ 4 ਵਾਰਦਾਤਾਂ ਕੀਤੀਆਂ ਹਨ। ਸੀਸੀਟੀਵੀ ਦੀ ਮਦਦ ਨਾਲ ਉਨ੍ਹਾਂ ਦੀ ਪਛਾਣ ਕੀਤੀ ਗਈ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਲੋਕ ਬਾਹਰਲੇ ਰਾਜ ਦੇ ਹਨ। ਹੁਣ ਤੱਕ ਪਿਛਲੇ 10 ਦਿਨਾਂ ਤੋਂ ਉਸ ਇਲਾਕੇ ਵਿੱਚ ਕੋਈ ਘਟਨਾ ਨਹੀਂ ਵਾਪਰੀ। ਉਮੀਦ ਜਤਾਈ ਜਾ ਰਹੀ ਹੈ ਕਿ ਸ਼ਾਇਦ ਇਹ ਗਰੋਹ ਪੰਜਾਬ ਤੋਂ ਬਾਹਰ ਚਲਾ ਗਿਆ ਹੈ ਪਰ ਸਾਡੀਆਂ ਟੀਮਾਂ ਇਨ੍ਹਾਂ ਦੀ ਭਾਲ ਕਰ ਰਹੀਆਂ ਹਨ।
