ਲੁਧਿਆਣਾ, 7 ਜੂਨ 2022 – ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ਹੋ ਰਹੀ ਹੈ। ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਨਸ਼ੇ ਖਰੀਦਣ ਲਈ ਨੌਜਵਾਨਾਂ ਦੀ ਕਤਾਰ ਲੱਗੀ ਹੋਈ ਹੈ। ਇਹ ਸਮੱਗਲਰ ਸ਼ਰੇਆਮ ਨੌਜਵਾਨਾਂ ਨੂੰ ਨਸ਼ਾ ਵੇਚ ਰਿਹਾ ਹੈ ਅਤੇ ਇਹ ਸਭ ਕੁਝ ਪੁਲਿਸ ਦੀ ਨੱਕ ਹੇਠ ਹੋ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਵੀਡੀਓ ਲੁਧਿਆਣਾ ਦੇ ਚੀਮਾ ਚੌਂਕ ਨੇੜੇ ਦਾ ਹੈ। ਜਿੱਥੋਂ ਦੀ ਇਹ ਵੀਡੀਓ ਹੈ, ਉਥੋਂ ਕੁਝ ਦੂਰੀ ‘ਤੇ ਪੁਲਿਸ ਥਾਣਾ ਮੋਤੀ ਨਗਰ ਅਤੇ ਐਂਟੀ ਨਾਰਕੋਟਿਕਸ ਸੈੱਲ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਕਾਲੋਨੀ ਦੀਆਂ ਛੋਟੀਆਂ-ਛੋਟੀਆਂ ਗਲੀਆਂ ‘ਚ ਛੱਤਾਂ ‘ਤੇ ਖੜ੍ਹੇ ਹੋ ਕੇ ਨਸ਼ਾ ਵੰਡ ਕੇ ਭੱਜ ਜਾਂਦੇ ਹਨ।
ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕੇ ਕਿਸ ਤਰ੍ਹਾਂ ਇਕ ਨੌਜਵਾਨ ਕੰਧ ‘ਤੇ ਬੈਠ ਨਸ਼ਾ ਵੇਸ਼ ਰਿਹਾ ਹੈ ਅਤੇ ਲੋਕ ਲਾਈਨਾਂ ‘ਚ ਲੱਗ ਉਸ ਤੋਂ ਨਸ਼ਾ ਖਰੀਦ ਰਹੇ ਹਨ।
ਪੁਲਿਸ ਦੀ ਨੱਕ ਹੇਠ ਸ਼ਰੇਆਮ ਨਸ਼ਾ ਵੇਚਣਾ ਪੁਲਿਸ ਪ੍ਰਸ਼ਾਸਨ ‘ਤੇ ਵੱਡਾ ਸਵਾਲ ਹੈ। ਪੰਜਾਬ ‘ਚ ਆਮ ਆਦਮੀ ਪਾਰਟੀ ਨਸ਼ਾ ਖਤਮ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਪਰ ਜ਼ਮੀਨੀ ਪੱਧਰ ‘ਤੇ ਕੋਈ ਕੰਮ ਨਹੀਂ ਹੋ ਰਿਹਾ। ਵੀਡੀਓ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਤੱਕ ਪਹੁੰਚ ਗਈ ਹੈ।
ਇਸ ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ। ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਲੁਧਿਆਣਾ ਵਿੱਚ ਨਸ਼ਾ ਤਸਕਰ ਫੜੇ ਜਾ ਰਹੇ ਹਨ। ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿੱਥੇ ਕਿਤੇ ਵੀ ਨਸ਼ਾ ਤਸਕਰੀ ਹੁੰਦੀ ਹੈ, ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।