ਲੁਧਿਆਣਾ, 28 ਸਤੰਬਰ 2025 – ਪੰਜਾਬ ‘ਚ 71 ਸਾਲਾ NRI ਮਹਿਲਾ ਰੁਪਿੰਦਰ ਕੌਰ ਦੇ ਕਤਲ ਦਾ ਮਾਮਲਾ ਹੌਲ਼ੀ-ਹੌਲ਼ੀ ਸੁਲਝ ਰਿਹਾ ਹੈ। ਪੁਲਸ ਨੇ ਕਿਲਾ ਰਾਏਪੁਰ ਕੋਰਟ ਦੇ ਟਾਈਪਿਸਟ ਸੁਖਝੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਕਤਲ ਮਗਰੋਂ ਰੁਪਿੰਦਰ ਦੀ ਲਾਸ਼ ਨੂੰ ਸਾੜਿਆ ਤੇ ਹੱਡੀਆਂ ਨਾਲੇ ਵਿਚ ਸੁੱਟ ਦਿੱਤੀਆਂ ਸਨ। ਇਸ ਸੰਗੀਨ ਸਾਜ਼ਿਸ਼ ਦਾ ਮਾਸਟਰਮਾਈਂਡ ਤੇ ਰੁਪਿੰਦਰ ਕੌਰ ਦਾ 75 ਸਾਲਾ ਮੰਗੇਤਰ ਚਰਨਜੀਤ ਸਿੰਘ ਗਰੇਵਾਲ ਅਜੇ ਵੀ ਪੁਲਸ ਦੇ ਹੱਥ ਨਹੀਂ ਆਇਆ।
ਹੁਣ ਕਤਲ ਤੋਂ ਪਹਿਲਾਂ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਰੁਪਿੰਦਰ ਕੌਰ ਵੀਡੀਓ ਕਾਲ ‘ਤੇ ਚਰਨਜੀਤ ਨਾਲ ਗੱਲ ਕਰ ਰਹੀਹੈ ਤੇ ਰੋਂਦੋ ਹੇਏ ਕਹਿ ਰਹੀ ਹੈ- “ਮੈਨੂੰ ਪਤਾ ਲੱਗ ਗਿਆ ਹੈ ਕਿ ਤੇਰੇ ਭਾਰਤ ਤੇ ਇੰਗਲੈਂਡ ਵਿਚ ਕਈ ਔਰਤਾਂ ਨਾਲ ਸਬੰਧ ਹਨ। ਤੂੰ ਮੈਨੂੰ ਸਿਰਫ਼ ਪੈਸਿਆਂ ਲਈ ਫ਼ਸਾਇਆ ਹੈ।”
ਇਹ ਵੀਡੀਓ ਕਾਤਲ ਸੁਖਜੀਤ ਨੇ ਹੀ ਰਿਕਾਰਡ ਕੀਤੀ ਸੀ। 12 ਜੁਲਾਈ ਨੂੰ ਇਸੇ ਮਗਰੋਂ ਰੁਪਿੰਦਰ ਦਾ ਕਤਲ ਕਰ ਦਿੱਤਾ ਗਿਆ। ਅਮਰੀਕਾ ਵਿਚ ਰਹਿਣ ਵਾਲੀ ਰੁਪਿੰਦਰ ਦੀ ਭੈਣ ਕਮਲਜੀਤ ਨੇ ਵੀ ਇਸ ਵੀਡੀਓ ਦੀ ਪੁਸ਼ਟੀ ਕੀਤੀ ਹੈ। ਕਮਲਜੀਤ ਨੇ ਕਈ ਵੱਡੇ ਰਾਜ਼ ਖੋਲ੍ਹੇ ਹਨ। ਉਨ੍ਹਾਂ ਦੱਸਿਆ ਕਿ ਚਰਨਜੀਤ ਦੇ ਦੋ ਵਿਆਹ ਹੋ ਚੁੱਕੇ ਹਨ। 24 ਜੁਲਾਈ ਨੂੰ ਜਦੋਂ ਉਹ ਅਮਰੀਕਾ ਵਿਚ ਉਨ੍ਹਾਂ ਦੇ ਘਰ ਆਇਆ ਸੀ ਤਾਂ ਧਮਕੀ ਦਿੰਦਿਆਂ ਕਿਹਾ ਸੀ ਕਿ ਉਹ ਵੱਡੇ ਸਿਆਸੀ ਆਗੂਆਂ ਨਾਲ ਜੁੜਿਆ ਹੋਇਆ ਹੈ। ਉਹ ਕੇਸ ਵਾਪਸ ਲੈਣ ਲਈ ਦਬਾਅ ਵੀ ਪਾ ਰਿਹਾ ਸੀ।

ਕਮਲਜੀਤ ਨੇ ਇਹ ਵੀ ਦੱਸਿਆ ਕਿ ਰੁਪਿੰਦਰ ਨੇ ਲੁਧਿਆਣਾ ਦੇ ਇਕ ਹੋਮਿਓਪੈਥਿਕ ਡਾਕਟਰ ਰਾਣੋ ਨੂੰ ਆਪਣੇ ਕਤਲ ਦਾ ਖ਼ਦਸ਼ਾ ਜਤਾਇਆ ਸੀ। ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਕਈ ਹੋਰ ਅਹਿਮ ਖ਼ੁਲਾਸੇ ਕੀਤੇ ਹਨ। ਫ਼ਿਲਹਾਲ ਪੁਲਸ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ ਤੇ ਛੇਤੀ ਹੀ ਇਸ ਕਤਲ ਦੇ ਪਿੱਛੇ ਦੇ ਸਾਰੇ ਰਾਜ਼ ਉਜਾਗਰ ਹੋਣ ਦੀ ਆਸ ਹੈ।
