- ASI ਨੇ ਮਾਰੇ ਥੱਪੜ ਨਾਲੇ ਗਾਲ੍ਹਾਂ ਕੱਢੀਆਂ
- ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਮੁਅੱਤਲ
ਫਾਜ਼ਿਲਕਾ, 10 ਜੂਨ 2023 – ਫਾਜ਼ਿਲਕਾ ਜ਼ਿਲ੍ਹੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ ਦਾ ਵੀਡੀਓ ਸਾਹਮਣੇ ਆਇਆ ਹੈ। ਪਿੰਡ ਕੋਇਲਖੇੜਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਪੁਲੀਸ ਮੁਲਾਜ਼ਮ ਨੇ ਡੰਡੇ ਨਾਲ ਕੁੱਟਿਆ, ਥੱਪੜ ਮਾਰੇ ਨਾਲੇ ਗਾਲ੍ਹਾਂ ਵੀ ਕੱਢੀਆਂ। ਮੁਲਾਜ਼ਮ ਪੂਰੀ ਤਰ੍ਹਾਂ ਨਸ਼ੇ ਵਿਚ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐਸਪੀ ਫਾਜ਼ਿਲਕਾ ਮਨਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਅਧਿਕਾਰੀ ਪ੍ਰਿਤਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ।
ਪੀੜਤ ਸੁਰਿੰਦਰ ਪਾਲ ਸਿੰਘ ਵਾਸੀ ਪਿੰਡ ਕੋਇਲਖੇੜਾ ਨੇ ਦੱਸਿਆ ਕਿ ਉਹ ਆਪਣੇ ਕੰਮ ਤੋਂ ਘਰ ਜਾ ਰਿਹਾ ਸੀ। ਰਸਤੇ ਵਿਚ ਜਦੋਂ ਉਹ ਤੇਲ ਭਰਾਉਣ ਲਈ ਇਕ ਪੈਟਰੋਲ ਪੰਪ ‘ਤੇ ਰੁਕਿਆ ਤਾਂ ਉਸ ਦੇ ਦੋਸਤ ਉਸ ਨੂੰ ਉਥੇ ਮਿਲ ਗਏ। ਦੋਸਤ ਇੱਕ ਦੋਸਤ ਦਾ ਜਨਮ ਦਿਨ ਇਕੱਠੇ ਮਨਾ ਰਹੇ ਸਨ। ਉਨ੍ਹਾਂ ਨੇ ਉਸ ਨੂੰ ਉੱਥੇ ਜਨਮ ਦਿਨ ਦਾ ਕੇਕ ਕੱਟਣ ਲਈ ਰੋਕ ਲਿਆ। ਇਸੇ ਦੌਰਾਨ ਏਐਸਆਈ ਪ੍ਰੀਤਪਾਲ ਸਿੰਘ ਉਥੇ ਆ ਗਿਆ। ਉਸ ਸਮੇਂ ਉਹ ਨਸ਼ੇ ‘ਚ ਸੀ। ਉਸ ਨੇ ਆਉਂਦਿਆਂ ਹੀ ਪਹਿਲਾਂ ਕਾਰ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਸੁਰਿੰਦਰ ਅਨੁਸਾਰ ਜਦੋਂ ਉਹ ਆਪਣੀ ਵੀਡੀਓ ਰਿਕਾਰਡ ਕਰਨ ਲੱਗਾ ਤਾਂ ਏਐਸਆਈ ਨੇ ਉਸ ਨੂੰ ਵੀਡੀਓ ਰਿਕਾਰਡ ਕਰਨ ਤੋਂ ਰੋਕ ਦਿੱਤਾ ਅਤੇ ਉਸ ਦੇ ਮੋਟਰਸਾਈਕਲ ਦੀਆਂ ਚਾਬੀਆਂ ਖੋਹ ਲਈਆਂ। ਫਿਰ ਉਸਨੂੰ ਥੱਪੜ ਮਾਰੇ। ਉਸ ਨੂੰ ਡੰਡੇ ਨਾਲ ਬਹੁਤ ਕੁੱਟਿਆ ਗਿਆ। ਉਹ ਉਸ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਬਕਣਵਾਲਾ ਦੇ ਚੌਕ ਵਿੱਚ ਲੈ ਗਿਆ। ਉਸ ਦੇ ਕੁਝ ਹੋਰ ਪੁਲੀਸ ਮੁਲਾਜ਼ਮਾਂ ਨੂੰ ਵੀ ਬੁਲਾ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਇਲਾਵਾ ਉਸ ਨੂੰ ਥਾਣੇ ਲਿਜਾ ਕੇ ਕਾਫੀ ਤਸ਼ੱਦਦ ਕੀਤਾ ਗਿਆ।
ਸੁਰਿੰਦਰ ਦਾ ਕਹਿਣਾ ਹੈ ਕਿ ਉਸ ਦਾ ਕਸੂਰ ਸਿਰਫ ਇਹ ਸੀ ਕਿ ਉਸ ਨੇ ਉਸ ਮੁਲਾਜ਼ਮ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸ ਨੂੰ ਇੰਨੀ ਸਜ਼ਾ ਦਿੱਤੀ ਗਈ। ਉਨ੍ਹਾਂ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਬੰਧਤ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਕੇ ਇਨਸਾਫ਼ ਦਿਵਾਇਆ ਜਾਵੇ। ਪੀੜਤ ਨੌਜਵਾਨ ਨੂੰ ਪਰਿਵਾਰ ਨੇ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਦਾਖਲ ਕਰਵਾਇਆ ਹੈ। ਕੁਝ ਸੱਟਾਂ ਲੱਗੀਆਂ ਪਰ ਖਤਰੇ ਤੋਂ ਬਾਹਰ ਹੈ। ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।