ਮੋਗਾ, 19 ਜੁਲਾਈ 2022 – ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਅਤੇ ਹਰਜੀਤ ਪੈਂਟਾ ਦੇ ਕਤਲ ਦੇ ਦੋਸ਼ੀ ਮਨਪ੍ਰੀਤ ਮੰਨੂ ਅਤੇ ਜਗਰੂਪ ਸਿੰਘ ਰੂਪਾ ਬਿਨਾਂ ਨੰਬਰ ਦੇ ਬਾਈਕ ‘ਤੇ ਜਾ ਰਹੇ ਹਨ। ਜਿਸ ਤੋਂ ਬਾਅਦ ਇਹ ਵੀਡੀਓ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ। ਜਾਣਕਾਰੀ ਅਨੁਸਾਰ ਥਾਣਾ ਸਮਾਲਸਰ ਸਥਿਤ ਇਕ ਦੁਕਾਨ ‘ਚ ਹੋਈ ਚੋਰੀ ਤੋਂ ਬਾਅਦ ਪੁਲਸ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਸੀ। ਪੁਲਿਸ ਨੇ 21 ਜੂਨ ਦੀ ਸਵੇਰ 5 ਤੋਂ 6 ਵਜੇ ਤੱਕ ਦੋ ਨੌਜਵਾਨਾਂ ਨੂੰ ਬਿਨਾਂ ਨੰਬਰ ਦੇ ਮੋਟਰਸਾਈਕਲ ‘ਤੇ ਮੋਗਾ ਤੋਂ ਫਰੀਦਕੋਟ ਜਾ ਰਹੇ ਦੇਖਿਆ।
ਪੁਲੀਸ ਨੇ ਦੁਕਾਨਦਾਰ ਤੋਂ ਸੀਸੀਟੀਵੀ ਫੁਟੇਜ ਲੈ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮੋਟਰਸਾਈਕਲ ‘ਤੇ ਜਾ ਰਹੇ ਦੋ ਨੌਜਵਾਨਾਂ ‘ਚੋਂ ਇਕ ਮਨਪ੍ਰੀਤ ਸਿੰਘ ਮੰਨੂ ਵਾਸੀ ਕੁੱਸਾ ਅਤੇ ਤਰਨਤਾਰਨ ਦੇ ਰਹਿਣ ਵਾਲੇ ਜਗਰੂਪ ਸਿੰਘ ਰੂਪਾ ਦੀ ਚਰਚਾ ਹੈ। ਜਿਸ ਨੂੰ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਉਥੇ ਹੀ ਸੀਆਈਏ ਬਾਘਾਪੁਰਾਣਾ ਇੰਚਾਰਜ ਤਰਲੋਚਨ ਸਿੰਘ ਨੇ ਦੱਸਿਆ ਕਿ ਬਾਈਕ ਸਵਾਰ ਮਨਪ੍ਰੀਤ ਸਿੰਘ ਮਨੂੰ ਅਤੇ ਜਗਰੂਪ ਸਿੰਘ ਰੂਪਾ ਵਾਇਰਲ ਹੋਈ ਸੀਸੀਟੀਵੀ ਫੁਟੇਜ ਵਿੱਚ ਨਹੀਂ ਹਨ। ਪਰ ਫਿਰ ਵੀ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ।