ਚੰਡੀਗੜ੍ਹ, 13 ਸਤੰਬਰ 2022 – ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਪੰਜਾਬ ਰੋਡਵੇਜ ਦੇ ਇੱਕ ਹੋਰ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਹੋਰ ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਰਿਸਵਤ ਲੈ ਕੇ ਬੱਸ ਅੱਡੇ ਵਿੱਚੋਂ ਸਰਕਾਰੀ ਬੱਸਾਂ ਦੇ ਰਵਾਨਗੀ ਸਮੇਂ ਨੂੰ ਬਦਲਕੇ ਪ੍ਰਾਈਵੇਟ ਬੱਸਾਂ ਨੂੰ ਲਾਹਾ ਦਿਵਾਉਣ ਸਬੰਧੀ ਦਰਜ ਮੁਕੱਦਮੇ ਵਿੱਚ ਸਾਮਲ ਹੈ। ਫੜਿਆ ਗਿਆ ਮੁਲਜਮ ਸਤਨਾਮ ਸਿੰਘ, ਸਟੇਸਨ ਸੁਪਰਵਾਈਜਰ, ਪੰਜਾਬ ਰੋਡਵੇਜ, ਡਿਪੂ-1, ਜਲੰਧਰ ਰਿਸਵਤਖੋਰੀ ਦੇ ਦੋਸਾਂ ਤਹਿਤ ਦਰਜ ਕੇਸ ਵਿੱਚ ਭਗੌੜਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰੋਡਵੇਜ ਦੇ ਕੁਝ ਮੁਲਾਜਮਾਂ ‘ਤੇ ਨਿੱਜੀ ਬੱਸਾਂ ਨੂੰ ਫਾਇਦਾ ਪਹੁੰਚਾਉਣ ਲਈ ਬੱਸ ਅੱਡੇ ਤੋਂ ਸਰਕਾਰੀ ਬੱਸਾਂ ਦੇ ਚੱਲਣ ਦਾ ਸਮਾਂ ਬਦਲ ਕੇ ਰੋਜਾਨਾ/ਮਹੀਨਾਵਾਰ ਰਿਸਵਤ ਵਸੂਲਣ ਦੇ ਦੋਸ ਲੱਗੇ ਹਨ। ਇਸ ਸਬੰਧ ਵਿੱਚ ਵਿਜੀਲੈਂਸ ਬਿਓਰੋ ਨੇ ਪਹਿਲਾਂ ਹੀ ਵਿਜੀਲੈਂਸ ਬਿਊਰੋ ਪੁਲਿਸ ਸਟੇਸਨ, ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 120-ਬੀ ਦੇ ਤਹਿਤ ਐਫਆਈਆਰ ਨੰਬਰ 5 ਮਿਤੀ 30-04-2021 ਨੂੰ ਇੱਕ ਕੇਸ ਦਰਜ ਕੀਤਾ ਹੋਇਆ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਸਤਨਾਮ ਸਿੰਘ ਵਾਸੀ ਪਿੰਡ ਗੁਣਾਚੌਰ ਜ਼ਿਲਾ ਐਸਬੀਐਸ ਸਾਮਲ ਸੀ, ਨੂੰ ਅੱਜ ਅੰਮ੍ਰਿਤਸਰ ਰੇਂਜ ਦੀ ਵਿਜੀਲੈਂਸ ਟੀਮ ਵੱਲੋਂ ਜ਼ਿਲ੍ਹਾ ਕਚਹਿਰੀ ਕੰਪਲੈਕਸ, ਗੁਰਦਾਸਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਉਕਤ ਮੁਲਜ਼ਮ ਕੋਲੋਂ ਹੋਰ ਪੁੱਛਗਿੱਛ ਜਾਰੀ ਹੈ।

