1,50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ SHO ਅਤੇ ASI ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਚੰਡੀਗੜ੍ਹ, 1 ਅਪ੍ਰੈਲ 2025: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਬੁੱਲੋਵਾਲ ਵਿਖੇ ਤਾਇਨਾਤ ਥਾਣੇਦਾਰ (ਐਸਐਚਓ) ਰਮਨ ਕੁਮਾਰ ਸਬ-ਇੰਸਪੈਕਟਰ (ਐਸਆਈ) ਅਤੇ ਉਸਦੇ ਮਾਤਹਿਤ ਸਹਾਇਕ ਸਬ-ਇੰਸਪੈਕਟਰ (ਏਐਸਆਈ) ਗੁਰਦੀਪ ਸਿੰਘ ਨੂੰ 1,50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਸਲਪੁਰ ਦੇ ਇੱਕ ਨਿਵਾਸੀ ਦੁਆਰਾ ਦਾਇਰ ਕੀਤੀ ਗਈ ਇੱਕ ਔਨਲਾਈਨ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਕੀਤੀਆਂ ਗਈਆਂ ਹਨ।

ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਕਤ ਥਾਣੇ ਵਿੱਚ ਉਸਦੇ ਭਤੀਜੇ ਵਿਰੁੱਧ ਐਨਡੀਪੀਐਸ ਕਾਨੂੰਨ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਉਕਤ ਪੁਲਿਸ ਮੁਲਾਜ਼ਮ ਉਸਦੇ ਪੁੱਤਰ ਨੂੰ ਐਨਡੀਪੀਐਸ ਕਾਨੂੰਨ ਦੀ ਧਾਰਾ 29 ਤਹਿਤ ਇਸ ਮੁਕੱਦਮੇ ਵਿੱਚ ਫਸਾਉਣ ਦੀ ਧਮਕੀ ਦੇ ਰਹੇ ਸਨ। ਸ਼ਿਕਾਇਤ ਅਨੁਸਾਰ, ਉਕਤ ਏਐਸਆਈ ਨੇ ਉਸਦੇ ਪੁੱਤਰ ਨੂੰ ਕੇਸ ਵਿੱਚੋਂ ਕੱਢਣ ਲਈ ਐਸਐਚਓ ਦੀ ਤਰਫੋਂ 1,50,000 ਰੁਪਏ ਦੀ ਰਿਸ਼ਵਤ ਮੰਗੀ ਸੀ ਪਰ ਸ਼ਿਕਾਇਤਕਰਤਾ ਵੱਲੋਂ ਮਿੰਨਤਾਂ ਕਰਨ ਤੋਂ ਬਾਅਦ ਰਿਸ਼ਵਤ ਦੀ ਇਹ ਰਕਮ ਘਟਾ ਕੇ 1 ਲੱਖ ਰੁਪਏ ਕਰ ਦਿੱਤੀ ਗਈ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਕਰਦਿਆਂ ਉਕਤ ਦੋਵਾਂ ਪੁਲਿਸ ਮੁਲਾਜ਼ਮਾਂ ਵਿਚਕਾਰ ਹੋਈ ਗੱਲਬਾਤ ਰਿਕਾਰਡ ਕਰ ਲਈ ਅਤੇ ਆਡੀਓ ਸਬੂਤ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੇ।

ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਹੁਸ਼ਿਆਰਪੁਰ ਯੂਨਿਟ ਵੱਲੋਂ ਸ਼ਿਕਾਇਤ ਦੀ ਜਾਂਚ ਕਰਨ ਅਤੇ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਉਕਤ ਦੋਵਾਂ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਅਤੇ 7ਏ, ਬੀਐਨਐਸ ਦੀ ਧਾਰਾ 61(2) ਅਤੇ ਐਨਡੀਪੀਐਸ ਕਾਨੂੰਨ ਦੀ ਧਾਰਾ 59 ਤਹਿਤ ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਦੇ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਹਰਪ੍ਰੀਤ ਸਿੰਘ ਮੰਡੇਰ, ਐਸਐਸਪੀ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਦੱਸਿਆ ਉਕਤ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਜ ਉਨ੍ਹਾਂ ਨੂੰ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮੁਕੱਦਮੇ ਦੀ ਹੋਰ ਜਾਂਚ ਜਾਰੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਵੱਲੋਂ ਅੱਜ ਤੋਂ ਸ਼ੁਰੂ ਹੋ ਰਹੇ ਨਵੇਂ ਵਿੱਦਿਅਕ ਸੈਸ਼ਨ ਲਈ ਸਕੂਲਾਂ ਦੇ ਸਮੇਂ ਦਾ ਐਲਾਨ

ਪੰਜਾਬ ਦੀਆਂ 50 ਇਮੀਗ੍ਰੇਸ਼ਨ ਫਰਮਾਂ ਦੇ ਲਾਇਸੈਂਸ ਰੱਦ, ਪੜ੍ਹੋ ਵੇਰਵਾ