ਲੁਧਿਆਣਾ, 13 ਸਤੰਬਰ 2022 – ਪੰਜਾਬ ਦੇ ਬਹੁ-ਚਰਚਿਤ ਅਨਾਜ ਢੋਆ-ਢੁਆਈ ਘੁਟਾਲੇ ਦੀ ਜਾਂਚ ਕਰ ਰਹੀ ਵਿਜੀਲੈਂਸ ਨੇ ਹੁਣ ਨਗਰ ਨਿਗਮ ਨੂੰ ਮੁਲਜ਼ਮ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਕਰੀਬੀ ਮੀਨੂੰ ਪੰਕਜ ਮਲਹੋਤਰਾ ਦੀਆਂ ਬਣੀਆਂ ਇਮਾਰਤਾਂ ਦੇ ਨਕਸ਼ਿਆਂ ਦਾ ਰਿਕਾਰਡ ਪੇਸ਼ ਕਰਨ ਲਈ ਕਿਹਾ ਹੈ। ਵਿਜੀਲੈਂਸ ਨੇ ਸ਼ਹਿਰ ਵਿੱਚ ਮੀਨੂੰ ਦੀਆਂ ਛੇ ਇਮਾਰਤਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇਨ੍ਹਾਂ ਨਾਲ ਸਬੰਧਤ ਦਸਤਾਵੇਜ਼ ਮੰਗੇ ਗਏ ਹਨ।
ਸੂਤਰਾਂ ਮੁਤਾਬਕ ਮੀਨੂੰ ਮਲਹੋਤਰਾ ਦੀਆਂ ਕਈ ਇਮਾਰਤਾਂ ਦੇ ਨਕਸ਼ੇ ਉਪਲਬਧ ਨਹੀਂ ਹਨ। ਜੇਕਰ ਹੁਣ ਵਿਜੀਲੈਂਸ ਨੂੰ ਇਹ ਜਵਾਬ ਦਿੱਤਾ ਜਾਂਦਾ ਹੈ ਕਿ ਇਨ੍ਹਾਂ ਇਮਾਰਤਾਂ ਦੇ ਨਕਸ਼ੇ ਨਹੀਂ ਹਨ ਤਾਂ ਖੁਦ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ‘ਤੇ ਵੱਡਾ ਸਵਾਲ ਖੜ੍ਹਾ ਹੋਵੇਗਾ ਕਿ ਜਦੋਂ ਨਕਸ਼ੇ ਕੋਲ ਹੀ ਨਹੀਂ ਹਨ ਤਾਂ ਫਿਰ ਸ਼ਹਿਰ ਦੇ ਪਾਸ਼ ਇਲਾਕੇ ‘ਚ ਨਾਜਾਇਜ਼ ਉਸਾਰੀਆਂ ਕਿਵੇਂ ਹੋ ਗਈਆਂ। ਵਿਜੀਲੈਂਸ ਦੇ ਪੱਤਰ ਤੋਂ ਬਾਅਦ ਬਿਲਡਿੰਗ ਬਰਾਂਚ ਦੇ ਅਧਿਕਾਰੀ ਫਾਈਲਾਂ ਦੀ ਪੜਤਾਲ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ 16 ਅਗਸਤ ਨੂੰ ਵਿਜੀਲੈਂਸ ਨੇ ਅਨਾਜ ਦੀ ਢੋਆ-ਢੁਆਈ ਘੁਟਾਲੇ ਵਿੱਚ ਸਾਬਕਾ ਮੰਤਰੀ ਆਸ਼ੂ ਸਮੇਤ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਨ੍ਹਾਂ ਵਿੱਚ ਆਸ਼ੂ ਦੇ ਕਰੀਬੀ ਅਤੇ ਕਥਿਤ ਪੀਏ ਮੀਨੂੰ ਮਲਹੋਤਰਾ ਅਤੇ ਇੰਦਰਜੀਤ ਸਿੰਘ ਇੰਡੀ ਦੇ ਨਾਂ ਸ਼ਾਮਲ ਹਨ। ਜਾਂਚ ਵਿੱਚ ਸਾਹਮਣੇ ਆਇਆ ਕਿ ਮੀਨੂੰ ਮਲਹੋਤਰਾ ਦੀਆਂ ਸ਼ਹਿਰ ਵਿੱਚ ਛੇ ਇਮਾਰਤਾਂ ਹਨ। ਇਨ੍ਹਾਂ ਵਿੱਚ ਜਵਾਹਰ ਕੈਂਪ ਵਿੱਚ ਬਣਿਆ ਹੋਟਲ ਵੀ ਸ਼ਾਮਲ ਹੈ। ਹਾਲਾਂਕਿ ਇਹ ਹੋਟਲ ਉਨ੍ਹਾਂ ਦੇ ਰਿਸ਼ਤੇਦਾਰ ਦੇ ਨਾਂ ‘ਤੇ ਹੈ।

ਵਿਜੀਲੈਂਸ ਨੇ ਪਹਿਲਾਂ ਨਿਗਮ ਤੋਂ ਇਨ੍ਹਾਂ ਛੇ ਇਮਾਰਤਾਂ ਦਾ ਰਿਕਾਰਡ ਮੰਗਿਆ ਸੀ। ਦੱਸਿਆ ਗਿਆ ਕਿ ਇਹ ਇਮਾਰਤ ਨਿਗਮ ਦੇ ਰਿਕਾਰਡ ਵਿੱਚ ਕਿਸ ਦੇ ਨਾਂ ’ਤੇ ਹੈ। ਵਿਜੀਲੈਂਸ ਦਾ ਇੱਕ ਹੋਰ ਪੱਤਰ ਨਗਰ ਨਿਗਮ ਕੋਲ ਪਹੁੰਚ ਗਿਆ, ਜਿਸ ਵਿੱਚ ਇਨ੍ਹਾਂ ਸਾਰੀਆਂ ਇਮਾਰਤਾਂ ਦੇ ਨਕਸ਼ਿਆਂ ਦਾ ਰਿਕਾਰਡ ਮੰਗਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ‘ਚੋਂ ਕੁਝ ਇਮਾਰਤਾਂ ਦੇ ਨਕਸ਼ੇ ਨਹੀਂ ਹਨ। ਨਾ ਹੀ ਬਿਲਡਿੰਗ ਬ੍ਰਾਂਚ ਨੇ ਉਨ੍ਹਾਂ ਦਾ ਚਲਾਨ ਕੀਤਾ ਹੈ। ਚਲਾਨ ਕੀਤੇ ਹੁੰਦੇ ਤਾਂ ਨਾਜਾਇਜ਼ ਉਸਾਰੀਆਂ ਸਾਹਮਣੇ ਆਉਣੀਆਂ ਸਨ।
ਇਸ ਸੰਬੰਦੀ ਜਸਦੇਵ ਸਿੰਘ ਸੇਖੋਂ, ਜ਼ੋਨਲ ਕਮਿਸ਼ਨਰ ਕਾਰਪੋਰੇਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਜੀਲੈਂਸ ਨੇ ਨਿਗਮ ਤੋਂ ਇਮਾਰਤਾਂ ਸਬੰਧੀ ਕੁਝ ਨਵਾਂ ਰਿਕਾਰਡ ਮੰਗਿਆ ਹੈ। ਬਿਲਡਿੰਗ ਬਰਾਂਚ ਨੂੰ ਰਿਕਾਰਡ ਤਿਆਰ ਕਰਕੇ ਵਿਜੀਲੈਂਸ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।
