ਮਾਨਸਾ, 6 ਮਾਰਚ 2023: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜੀਰੋ ਟਾਲਰੈਂਸ ਦੀ ਨੀਤੀ ਤਹਿਤ ਮਾਨਯੋਗ ਚੀਫ ਡਾਇਰੈਕਟਰ ਵਿਜੀਲੈਂਸ ਬਿਉਰੋ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਵਿਜੀਲੈਂਸ ਬਿਊ ਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਥਾਣਾ ਸਦਰ ਮਾਨਸਾ ਵਿਖੇ ਤਾਇਨਾਤ ਏ.ਐਸ.ਆਈ. ਰਘਵੀਰ ਸਿੰਘ ਨੂੰ 3,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਪੁਲਿਸ ਮੁਲਾਜ਼ਮ ਨੂੰ ਗੁਰਪ੍ਰੀਤ ਸਿੰਘ ਵਾਸੀ ਬੁਢਲਾਡਾ ਜਿਲਾ ਮਾਨਸਾ ਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਗਿਆ ਹੈ।
ਵੇਰਵਾ ਦਿੰਦਿਆ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਕਤ ਪੁਲਿਸ ਮੁਲਾਜ਼ਮ ਨੇ ਉਸ ਅਤੇ ਉਸਦੇ ਬੇਟੇ ਵਿਰੁੱਧ ਥਾਣਾ ਸਦਰ ਮਾਨਸਾ ਵਿੱਚ ਵਿਰੋਧੀ ਧਿਰ ਵੱਲੋ ਦਰਜ ਕਰਵਾਏ ਇੱਕ ਪੁਲਿਸ ਕੇਸ ਦਾ ਚਲਾਣ ਤਿਆਰ ਕਰਵਾਕੇ ਜਲਦ ਪੇਸ਼ ਅਦਾਲਤ ਕਰਕੇ ਉਸਦੀ ਮੱਦਦ ਕਰਨ ਦੇ ਬਦਲੇ 3,000/— ਰੁਪਏ ਬਤੌਰ ਰਿਸ਼ਵਤ ਮੰਗੀ ਹੈ। ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਉਕਤ ਏ.ਐਸ.ਆਈ. ਪਹਿਲਾਂ ਵੀ ਉਕਤ ਪੁਲਿਸ ਕੇਸ ਵਿੱਚ ਉਸ ਪਾਸੋਂ ਉਸਦੇ ਕਿਸੇ ਹੋਰ ਪਰਿਵਾਰਕ ਮੈਂਬਰ ਨੂੰ ਨਾਮਜ਼ਦ ਨਾ ਕਰਨ ਬਦਲੇ 12,500/— ਰੁਪਏ ਬਤੌਰ ਰਿਸ਼ਵਤ ਲੈ ਚੁੱਕਾ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਮੁੱਢਲੀ ਪੜਤਾਲ ਉਪਰੰਤ ਯੂਨਿਟ ਮਾਨਸਾ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਉਕਤ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 3,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ਤੇ ਹੀ ਕਾਬੂ ਕਰ ਲਿਆ ਹੈ।ਇਸ ਸਬੰਧੀ ਉਕਤ ਮੁਲਜ਼ਮ ਏ.ਐਸ.ਆਈ. ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।