ਚੰਡੀਗੜ੍ਹ 2 ਨਵੰਬਰ 2023 – ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਜਾਅਲੀ ਫਰਮਾਂ ਦੇ ਜਾਅਲੀ ਬਿੱਲਾਂ ਰਾਹੀਂ ਸਰਕਾਰ ਨੂੰ ਕਰੀਬ 25 ਕਰੋੜ ਰੁਪਏ ਦੇ ਜੀ.ਐਸ.ਟੀ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ੀ ਸੈਮੀ ਧੀਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਪੰਜ ਸਾਲ ਤੋਂ ਆਪਣੀ ਗ੍ਰਿਫਤਾਰੀ ਤੋਂ ਡਰਦਾ ਹੋਇਆ ਫਰਾਰ ਸੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਬਾਰੇ ਮੁਕੱਦਮਾ ਨੰਬਰ 106 ਮਿਤੀ 05.07.2018 ਨੂੰ ਆਈ.ਪੀ.ਸੀ. ਦੀ ਧਾਰਾ 420, 120-ਬੀ ਅਤੇ ਜੀ.ਐਸ.ਟੀ ਐਕਟ 2017 ਦੀ ਧਾਰਾ 132(1) ਤਹਿਤ ਥਾਣਾ ਮੰਡੀ ਗੋਬਿੰਦਗੜ੍ਹ, ਜਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਦਰਜ ਕੀਤਾ ਹੋਇਆ ਹੈ ਜਿਸ ਦੀ ਹੁਣ ਪੜਤਾਲ ਵਿਜੀਲੈਂਸ ਬਿਊਰੋ ਦੇ ਉੱਡਣ ਦਸਤਾ-1, ਪੰਜਾਬ ਮੁਹਾਲੀ ਹਵਾਲੇ ਹੈ।
ਉਨਾਂ ਦੱਸਿਆ ਕਿ ਉਕਤ ਮੁਕੱਦਮੇ ਦੇ ਦੋਸ਼ੀ ਸੈਮੀ ਧੀਮਾਨ ਵਾਸੀ ਮੰਡੀ ਗੋਬਿੰਦਗੜ੍ਹ ਅਤੇ ਹੋਰ ਦੋਸ਼ੀਆਂ ਵੱਲੋਂ ਆਪਸੀ ਮਿਲੀਭੁਗਤ ਕਰਕੇ ਜਾਅਲੀ ਫਰਮਾਂ ਤੇ ਜਾਅਲੀ ਬਿੱਲ ਤਿਆਰ ਕਰਕੇ ਅਤੇ ਅੱਗੇ ਇਹ ਜਾਅਲੀ ਬਿੱਲ ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਦੀਆਂ ਫਰਮਾਂ ਨੂੰ ਵੇਚ ਕੇ ਜੀ.ਐਸ.ਟੀ ਚੋਰੀ ਕੀਤਾ ਜਾਂਦਾ ਸੀ। ਇਸ ਤਰਾਂ ਦੋਸ਼ੀਆਂ ਨੇ ਸਰਕਾਰ ਨੂੰ ਕਰੀਬ 25 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਹੈ। ਉਕਤ ਦੋਸ਼ੀ ਸੈਮੀ ਧੀਮਾਨ ਕਾਫੀ ਲੰਮੇ ਸਮੇਂ ਤੋਂ ਆਪਣੀ ਗ੍ਰਿਫਤਾਰੀ ਤੋਂ ਡਰਦਾ ਹੋਇਆ ਫਰਾਰ ਸੀ, ਜਿਸਨੂੰ ਇੰਸਪੈਕਟਰ ਸੁਖਜਿੰਦਰ ਸਿੰਘ ਵਿਜੀਲੈਂਸ ਬਿਊਰੋ, ਉੱਡਣ ਦਸਤਾ-1, ਪੰਜਾਬ, ਮੋਹਾਲੀ ਵੱਲੋਂ ਰੇਡ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਸੈਮੀ ਧੀਮਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਪੁਲਿਸ ਹਾਸਿਲ ਕੀਤਾ ਗਿਆ। ਇਸ ਮੁਕੱਦਮਾ ਦੇ ਬਾਕੀ ਭਗੌੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਭਾਲ ਕੀਤੀ ਜਾ ਰਹੀ ਹੈ।