ਡੇਅਰੀ ਤੇ ਖੁਰਾਕੀ ਉਤਪਾਦਾਂ ਵਿੱਚ ਮਿਲਾਵਟਖੋਰੀ ਰੋਕਣ ਲਈ ਵਿਜੀਲੈਂਸ ਵੱਲੋਂ ਸੂਬੇ ਭਰ ਵਿੱਚ ਅਚਨਚੇਤ ਚੈਕਿੰਗ

ਚੰਡੀਗੜ੍ਹ, 22 ਮਾਰਚ, 2025: ਸੂਬੇ ਦੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਸ਼ੁੱਧ ਵਸਤਾਂ ਮੁਹੱਈਆ ਕਰਵਾਉਣ ਲਈ ਇੱਕ ਫੈਸਲਾਕੁੰਨ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਮਿਲਾਵਟੀ ਡੇਅਰੀ ਉਤਪਾਦਾਂ ਅਤੇ ਹੋਰ ਖੁਰਾਕੀ ਉਤਪਾਦਾਂ ਦੀ ਵਿਕਰੀ ‘ਤੇ ਰਾਜ ਭਰ ਵਿੱਚ ਸਿਹਤ ਤੇ ਫੂਡ ਸੇਫਟੀ ਵਿਭਾਗ ਨਾਲ ਸਾਂਝੀਆਂ ਟੀਮਾਂ ਬਣਾ ਕੇ ਅਚਾਨਕ ਚੈਕਿੰਗ ਸ਼ੁਰੂ ਕੀਤੀ ਹੈ। ਸਿਹਤ ਤੇ ਖੁਰਾਕ ਸੁਰੱਖਿਆ ਵਿਭਾਗਾਂ ਅਤੇ ਵਿਜੀਲੈਂਸ ਬਿਊਰੋ ਦੇ ਮੁਲਾਜ਼ਮਾਂ ਦੀਆਂ ਸਾਂਝੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼ੱਕੀ ਡੇਅਰੀਆਂ ਅਤੇ ਦੁਕਾਨਾਂ ਦੀ ਅਚਨਚੇਤ ਜਾਂਚ ਕੀਤੀ ਜਾ ਸਕੇ ਅਤੇ ਇਸ ਨਾਲ ਖੁਰਾਕੀ ਪਦਾਰਥਾਂ ਦੀ ਸੁਰੱਖਿਆ ਅਤੇ ਗੁਣਵੱਤਾ ਨੂੰ ਯਕੀਨੀ ਬਣਾਈ ਜਾ ਸਕੇਗੀ।

ਇਹ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਖੁਰਾਕ ਪਦਾਰਥਾਂ ਵਿੱਚ ਮਿਲਾਵਟ ਸਬੰਧੀ ਸਮੱਸਿਆ ਨਾਲ ਨਜਿੱਠਣਾ ਹੈ ਜੋ ਕਿ ਸੂਬਾ ਵਾਸੀਆਂ ਦੀ ਸਿਹਤ ਲਈ ਇੱਕ ਵੱਡਾ ਖ਼ਤਰਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਵੱਖ-ਵੱਖ ਅਦਾਰਿਆਂ ਤੋਂ ਪਨੀਰ, ਖੋਆ, ਮਠਿਆਈਆਂ ਅਤੇ ਘਿਓ ਵਰਗੇ ਦੁੱਧ ਤੋਂ ਬਣੇ ਉਤਪਾਦਾਂ ਦੇ ਨਮੂਨੇ ਇਕੱਠੇ ਕੀਤੇ ਗਏ। ਇਸ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਜਾਂਚ ਕੀਤੀ ਗਈ।

ਉਨ੍ਹਾਂ ਅੱਗੇ ਕਿਹਾ ਕਿ ਪੀ.ਪੀ.ਆਰ. ਮਾਰਕੀਟ, ਮਿੱਠਾਪੁਰ ਚੌਕ, ਜਲੰਧਰ ਵਿਖੇ ਸਥਿਤ ‘ਕੇਕ ਐਂਡ ਬੇਕ’ ਦੁਕਾਨ ਦੀ ਚੈਕਿੰਗ ਦੌਰਾਨ ਘੱਟ ਮਿਆਰ ਵਾਲੇ ਖੁਰਾਕ ਪਦਾਰਥ ਪਾਏ ਜਾਣ ਉਪਰੰਤ ਇਸ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ ‘ਦਿਲਬਾਗ ਮਿਲਕੀ ਸਵੀਟਸ’ ਵਿਖੇ ਉਚਿਤ ਸਫ਼ਾਈ ਨਾ ਪਾਏ ਜਾਣ ਉਪਰੰਤ ਇਸ ਨੂੰ ਵੀ ਮੌਕੇ ‘ਤੇ ਹੀ ਬੰਦ ਕਰ ਦਿੱਤਾ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਨਵਾਂ ਸ਼ਹਿਰ ਦੀਆਂ ਕਈ ਦੁਕਾਨਾਂ ਦੀ ਅਚਨਚੇਤ ਜਾਂਚ ਕੀਤੀ ਗਈ ਅਤੇ ਨਮੂਨੇ ਇਕੱਠੇ ਕਰਕੇ ਸੀਲ ਕੀਤੇ ਗਏ ਅਤੇ ਹੋਰ ਵਿਸ਼ਲੇਸ਼ਣ ਲਈ ਖਰੜ, ਐਸ.ਏ.ਐਸ. ਨਗਰ ਵਿੱਚ ਸਟੇਟ ਫੂਡ ਲੈਬਾਰਟਰੀ ਵਿਖੇ ਭੇਜ ਦਿੱਤੇ ਗਏ। ਲੈਬ ਰਿਪੋਰਟਾਂ ਦੇ ਆਧਾਰ ‘ਤੇ ਮਿਲਾਵਟਖੋਰੀ ਪਾਏ ਜਾਣ ਵਾਲੇ ਅਦਾਰਿਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਆਪਣੇ ਨਾਗਰਿਕਾਂ ਦੀ ਸਿਹਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਖੁਰਾਕੀ ਪਦਾਰਥਾਂ ‘ਚ ਮਿਲਾਵਟ ਦੇ ਖ਼ਤਰੇ ਨੂੰ ਠੱਲ੍ਹ ਪਾਉਣ ਲਈ ਉਲੰਘਣਾ ਕਰਨ ਵਾਲਿਆਂ ਦੀ ਜਵਾਬਦੇਹੀ ਵਾਸਤੇ ਸਖ਼ਤ ਉਪਾਅ ਲਾਗੂ ਕੀਤੇ ਜਾਣੇ ਜਾਰੀ ਰੱਖੇ ਜਾਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

20,000 ਰੁਪਏ ਰਿਸ਼ਵਤ ਲੈਂਦਾ ਜੰਗਲਾਤ ਗਾਰਡ ਵਿਜੀਲੈਂਸ ਵੱਲੋਂ ਕਾਬੂ

ਜਲੰਧਰ ‘ਚ ਸਾਬਕਾ ਡਿਪਟੀ ਪੋਸਟਮਾਸਟਰ ਦੀ ਜਾਇਦਾਦ ਜ਼ਬਤ: ਈਡੀ ਨੇ ਕੀਤੀ ਕਾਰਵਾਈ