ਜਲੰਧਰ, 21 ਜਨਵਰੀ 2023 – ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ (ਬੀ.ਡੀ.ਪੀ.ਓ.), ਬਲਾਚੌਰ, ਨਵਾਂਸ਼ਹਿਰ ਵਿਖੇ ਪੰਚਾਇਤ ਸਕੱਤਰ ਵਜੋਂ ਤਾਇਨਾਤ ਤਰਨਜੀਤ ਸਿੰਘ ਵਿਰੁੱਧ ਆਮਦਨ ਦੇ ਜਾਣੂ- ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਜ਼ਰੀਏ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਸਬੰਧੀ ਰਿਪੋਰਟ ਦੀ ਜਾਂਚ ਉਪਰੰਤ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।
ਵੇਰਵੇ ਦਿੰਦਿਆਂ ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਆਮਦਨ/ਖਰਚ ਲਈ ਮਿਤੀ 01.04.2010 ਤੋਂ 30.06.2017 ਤੱਕ ਦੇ ਸਮੇਂ ਦੀ ਜਾਂਚ ਕੀਤੀ ਗਈ ਅਤੇ ਇਹ ਪਾਇਆ ਗਿਆ ਕਿ ਉਪਰੋਕਤ ਸਮੇਂ ਦੌਰਾਨ ਮੁਲਜ਼ਮ ਤਰਨਜੀਤ ਸਿੰਘ ਦੀ ਕੁੱਲ ਆਮਦਨ 57,50,879 ਰੁਪਏ ਸੀ ਅਤੇ ਉਸ ਵੱਲੋਂ 69,09,616 ਰੁਪਏ ਖਰਚ ਕੀਤੇ ਗਏ।
ਉਹਨਾਂ ਅੱਗੇ ਦੱਸਿਆ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਆਮਦਨ/ਖਰਚ ਲਈ ਨਿਰਧਾਰਤ ਸਮੇਂ ਦੌਰਾਨ ਮੁਲਜ਼ਮ ਵੱਲੋਂ ਕੀਤੇ ਗਏ ਕੁੱਲ ਖ਼ਰਚੇ ਵਿੱਚ ਪ੍ਰਾਪਤ ਆਮਦਨ ਦੇ ਮੁਕਾਬਲੇ 11,58,737 ਰੁਪਏ ਦਾ ਵੱਧ ਖਰਚਾ ਹੋਇਆ ਹੈ। ਉਪਰੋਕਤ ਸਮੇਂ ਦੌਰਾਨ ਮੁਲਜ਼ਮ ਵੱਲੋਂ ਕੀਤਾ ਕੁੱਲ ਖਰਚਾ ਉਸ ਦੀ ਆਮਦਨ ਦੇ ਸਰੋਤਾਂ ਨਾਲੋਂ 20.14 ਫ਼ੀਸਦੀ ਵੱਧ ਸੀ।
ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਤਰਨਜੀਤ ਸਿੰਘ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਬਿਊਰੋ ਨੇ ਟੀਮਾਂ ਰਵਾਨਾ ਕਰ ਦਿੱਤੀਆਂ ਹਨ।