ਚੰਡੀਗੜ੍ਹ, 16 ਸਤੰਬਰ 2025 – ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੁੱਛਗਿੱਛ ਲਈ ਮੁੜ ਸੰਮਨ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਗੈਰਕਾਨੂੰਨੀ ਸੰਪਤੀ ਮਾਮਲੇ ‘ਚ ਪਹਿਲਾਂ ਵੀ ਵਿਜੀਲੈਂਸ ਬਿਊਰੋ ਵੱਲੋਂ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ 15 ਸਤੰਬਰ ਨੂੰ ਉਹ ਵਿਜੀਲੈਂਸ ਹੈੱਡਕੁਆਰਟਰ, ਮੋਹਾਲੀ ਵਿਖੇ ਬੁਲਾਇਆ ਗਿਆ ਸੀ, ਪਰ ਉਹ ਪੇਸ਼ ਨਹੀਂ ਹੋਏ।
ਪਰ ਹੁਣ ਮੁੜ ਵਿਜੀਲੈਂਸ ਨੇ ਉਹਨਾਂ ਨੂੰ ਤਾਜ਼ਾ ਨੋਟਿਸ ਭੇਜਕੇ ਅੱਜ ਮੰਗਲਵਾਰ 16 ਸਤੰਬਰ ਨੂੰ ਸਵੇਰੇ 11 ਵਜੇ ਮੋਹਾਲੀ ਦੇ ਸੈਕਟਰ-68 ਵਿਖੇ ਵਿਜੀਲੈਂਸ ਭਵਨ ਵਿੱਚ ਹਾਜ਼ਰ ਹੋਣ ਲਈ ਕਿਹਾ ਹੈ। ਦੱਸ ਦਈਏ ਕਿ ਗਜਪਤ ਸਿੰਘ ਗਰੇਵਾਲ ਨੂੰ ਪਹਿਲਾਂ 15 ਸਤੰਬਰ ਨੂੰ ਹੀ ਪੇਸ਼ ਹੋਣਾ ਸੀ, ਪਰ ਉਹ ਬਿਨਾਂ ਕੋਈ ਕਾਰਨ ਦੱਸੇ ਪੇਸ਼ ਨਹੀਂ ਹੋਏ।
ਜਿਸ ਤੋਂ ਬਾਅਦ ਹੁਣ ਜਾਂਚ ਅਧਿਕਾਰੀ ਨੇ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਦੀ ਪੇਸ਼ੀ ਯਕੀਨੀ ਬਣਾਉਣ ਲਈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) 2023 ਦੀ ਧਾਰਾ 179 ਦਾ ਪ੍ਰਯੋਗ ਕੀਤਾ ਹੈ। ਇਸ ਧਾਰਾ ਅਧੀਨ, ਜੇ ਕੋਈ ਵਿਅਕਤੀ ਜਾਂਚ ਵਿੱਚ ਸਹਿਯੋਗ ਨਹੀਂ ਕਰਦਾ, ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਕਾਨੂੰਨੀ ਜਾਣਕਾਰਾਂ ਦਾ ਮੰਨਣਾ ਹੈ ਕਿ ਗਜਪਤ ਸਿੰਘ ਗਰੇਵਾਲ ਇਸ ਮਾਮਲੇ ਵਿੱਚ ਇੱਕ ਮਹੱਤਵਪੂਰਨ ਕੜੀ ਸਾਬਤ ਹੋ ਸਕਦੇ ਹਨ। ਜਾਂਚ ਏਜੰਸੀਆਂ ਨੂੰ ਉਮੀਦ ਹੈ ਕਿ ਉਹਨਾਂ ਦੀ ਗਵਾਹੀ ਅਤੇ ਬਿਆਨ ਨਾਲ ਮਜੀਠੀਆ ਨਾਲ ਸੰਬੰਧਿਤ ਵਿੱਤੀ ਲੈਣ-ਦੇਣ ਅਤੇ ਸੰਪਤੀ ਦੇ ਸਰੋਤਾਂ ਬਾਰੇ ਹੋਰ ਸਪਸ਼ਟਤਾ ਆ ਸਕਦੀ ਹੈ। ਇਹੀ ਕਾਰਣ ਹੈ ਕਿ ਵਿਜੀਲੈਂਸ ਬਿਊਰੋ ਉਹਨਾਂ ਦੀ ਹਾਜ਼ਰੀ ਨੂੰ ਲੈ ਕੇ ਸਖ਼ਤੀ ਵਿਖਾ ਰਿਹਾ ਹੈ।
