MLA ਰਮਨ ਅਰੋੜਾ ’ਤੇ ਵਿਜੀਲੈਂਸ ਕੱਸ ਰਿਹੈ ਸ਼ਿਕੰਜਾ, ਨਵੀਆਂ ਜਾਇਦਾਦਾਂ ਦੇ ਰਿਕਾਰਡ ਦੀ ਕੀਤੀ ਜਾਂਚ

ਚੰਡੀਗੜ੍ਹ, 28 ਮਈ 2025 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸਿਆਸੀ ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਵਿਭਾਗ ਦੀ ਮੁਹਿੰਮ ਹੁਣ ਹੋਰ ਵਧੇਰੇ ਹਮਲਾਵਰ ਰੂਪ ਲੈ ਚੁੱਕੀ ਹੈ। ਜਲੰਧਰ ਦੇ ਵਿਧਾਇਕ ਰਮਨ ਅਰੋੜਾ ਦੀਆਂ ਕਥਿਤ ਬੇਨਾਮੀ ਜਾਇਦਾਦਾਂ ਨੂੰ ਲੈ ਕੇ ਵਿਜੀਲੈਂਸ ਵਿਭਾਗ ਨੇ ਕਾਰਵਾਈ ਦੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ ਹੈ। ਇਕ ਤੋਂ ਬਾਅਦ ਇਕ ਸਾਹਮਣੇ ਆ ਰਹੀਆਂ ਜਾਇਦਾਦਾਂ ਦੀ ਡਿਟੇਲ ਨੂੰ ਜਾਂਚਣ ਲਈ ਮੰਗਲਵਾਰ ਵੀ ਵਿਜੀਲੈਂਸ ਦੀ ਟੀਮ ਨੇ ਵਿਆਪਕ ਪੱਧਰ ’ਤੇ ਰੈਵੇਨਿਊ ਰਿਕਾਰਡ ਦੀ ਛਾਣਬੀਣ ਕੀਤੀ। ਵਿਭਾਗੀ ਸੂਤਰਾਂ ਅਨੁਸਾਰ ਰਮਨ ਅਰੋੜਾ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਵੱਲੋਂ ਹਾਸਲ ਕੀਤੀਆਂ ਜਾਇਦਾਦਾਂ ਨੂੰ ਚੈੱਕ ਕਰਨ ਲਈ ਸ਼ਹਿਰ ਦੇ ਕਈ ਹਿੱਸਿਆਂ ਵਿਚ ਦਸਤਾਵੇਜ਼ ਅਤੇ ਜ਼ਮੀਨੀ ਜਾਂਚ ਚੱਲ ਰਹੀ ਹੈ।

ਇਕ ਵਾਰ ਫਿਰ ਵਿਜੀਲੈਂਸ ਵਿਭਾਗ ਨੇ ਜਲੰਧਰ ਸ਼ਹਿਰ ਦੇ ਪੰਜਾਂ ਪਟਵਾਰੀਆਂ ਅਤੇ ਆਲੇ-ਦੁਆਲੇ ਦੇ ਪਿੰਡਾਂ ਨਾਲ ਸਬੰਧਤ ਪਟਵਾਰੀਆਂ ਅਤੇ ਕਾਨੂੰਗੋਆਂ ਨੂੰ ਆਪਣੇ ਦਫ਼ਤਰ ਵਿਚ ਤਲਬ ਕੀਤਾ। ਇਨ੍ਹਾਂ ਅਧਿਕਾਰੀਆਂ ਨੂੰ ਉਸ ਜਾਇਦਾਦ ਦੇ ਰਿਕਾਰਡ ਨਾਲ ਬੁਲਾਇਆ ਗਿਆ, ਜਿਹੜੀਆਂ ਜਾਇਦਾਦਾਂ ਨੂੰ ਲੈ ਕੇ ਰਮਨ ਅਰੋੜਾ ’ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਅਧਿਕਾਰੀਆਂ ਤੋਂ ਉਹ ਸਾਰੇ ਦਸਤਾਵੇਜ਼ ਮੰਗੇ ਗਏ, ਜੋ ਇਹ ਸਪੱਸ਼ਟ ਕਰ ਸਕਣ ਕਿ ਸਬੰਧਤ ਜਾਇਦਾਦ ਕਿਸ ਦੇ ਨਾਂ ’ਤੇ ਦਰਜ ਹੈ, ਕਿਸ ਤਾਰੀਖ਼ ਨੂੰ ਖ਼ਰੀਦੀ ਗਈ ਅਤੇ ਕੀ ਇਸ ਦੀ ਖ਼ਰੀਦੋ-ਫਰੋਖ਼ਤ ਵਿਚ ਕੋਈ ਸ਼ੱਕੀ ਵਿੱਤੀ ਲੈਣ-ਦੇਣ ਹੋਇਆ ਹੈ।

ਵਿਜੀਲੈਂਸ ਵਿਭਾਗ ਨੇ ਮੰਗਲਵਾਰ ਜਿਹੜੀਆਂ ਜਾਇਦਾਦਾਂ ਦੀ ਛਾਣਬੀਣ ਕੀਤੀ ਹੈ, ਉਨ੍ਹਾਂ ਵਿਚ ਗੁਰੂ ਨਾਨਕ ਮਿਸ਼ਨ ਚੌਂਕ ਵਿਚ ਇਕ ਹਸਪਤਾਲ ਦੀ ਬਿਲਡਿੰਗ, ਰਿਲਾਇੰਸ ਮਾਲ ਦੇ ਪਿੱਛੇ ਗੈਰ-ਕਾਨੂੰਨੀ ਕਬਜ਼ੇ ਦੀ ਜਾਇਦਾਦ, ਮਾਡਲ ਟਾਊਨ ਵਿਚ ਇਕ ਬੈਂਕ ਦੇ ਨਾਲ ਬਣੀ ਕਾਰੋਬਾਰੀ ਇਮਾਰਤ, ਕਮਲ ਪੈਲੇਸ ਤੋਂ ਸ਼ਾਸਤਰੀ ਮਾਰਕੀਟ ਨੂੰ ਜਾਂਦੀ ਸੜਕ ’ਤੇ ਖਸਰਾ ਨੰਬਰ 6808 ’ਤੇ ਬਣੇ ਟਾਇਰਾਂ ਦੇ ਇਕ ਸ਼ੋਅਰੂਮ ਦੀ ਜਾਇਦਾਦ, ਮਕਸੂਦਾਂ ਸਬਜ਼ੀ ਮੰਡੀ ਵਿਚ ਸਥਿਤ ਦੁਕਾਨਾਂ, ਇੰਡਸਟਰੀਅਲ ਏਰੀਆ, ਸੁੱਚੀ ਪਿੰਡ, ਹੁਸ਼ਿਆਰਪੁਰ ਰੋਡ ਅਤੇ ਕਪੂਰਥਲਾ ਰੋਡ ਦੇ ਆਲੇ-ਦੁਆਲੇ ਖੇਤੀਬਾੜੀ ਵਾਲੀ ਜ਼ਮੀਨ ਸਮੇਤ ਜਲੰਧਰ ਦੀਆਂ 42 ਤੋਂ ਵੱਧ ਰਿਹਾਇਸ਼ੀ, ਕਾਰੋਬਾਰੀ, ਇੰਡਸਟਰੀਅਲ ਅਤੇ ਖੇਤੀਬਾੜੀ ਵਾਲੀਆਂ ਜ਼ਮੀਨਾਂ ਦੀ ਜਾਂਚ ਕੀਤੀ ਗਈ।

ਵਿਜੀਲੈਂਸ ਦੀ ਟੀਮ ਨੇ ਸੁੱਚੀ ਪਿੰਡ, ਹੁਸ਼ਿਆਰਪੁਰ ਰੋਡ, ਕਪੂਰਥਲਾ ਰੋਡ ਸਮੇਤ ਚੋਹਕਾਂ ਅਤੇ ਬੜਿੰਗ ਵਿਚ ਕਈ ਖੇਤਾਂ ਨੂੰ ਮੌਕੇ ’ਤੇ ਜਾ ਕੇ ਦੇਖਿਆ, ਜਿਥੇ ਜਾਂ ਤਾਂ ਕਾਲੋਨੀਆਂ ਕੱਟ ਦਿੱਤੀਆਂ ਗਈਆਂ ਸਨ ਜਾਂ ਨੇੜ ਭਵਿੱਖ ਵਿਚ ਕੱਟਣ ਦੀ ਯੋਜਨਾ ਬਣਾਈ ਹੋਈ ਸੀ। ਵਿਜੀਲੈਂਸ ਵਿਭਾਗ ਦੀਆਂ ਟੀਮਾਂ ਨਾ ਸਿਰਫ਼ ਦਸਤਾਵੇਜ਼ ਚੈੱਕ ਕਰ ਰਹੀਆਂ ਹਨ, ਸਗੋਂ ਕਈ ਥਾਵਾਂ ’ਤੇ ਪਟਵਾਰੀਆਂ ਅਤੇ ਕਾਨੂੰਗੋਆਂ ਦੇ ਨਾਲ ਮੌਕੇ ’ਤੇ ਜਾ ਕੇ ਮੁਆਇਨਾ ਵੀ ਕਰ ਰਹੀ ਹੈ। ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਸ਼ੱਕੀ ਜਾਇਦਾਦ ਵਿਜੀਲੈਂਸ ਦੀ ਨਜ਼ਰ ਤੋਂ ਨਾ ਛੁੱਟ ਜਾਵੇ। ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਬੀਤੇ ਦਿਨੀਂ ਵੀ 92 ਦੇ ਲੱਗਭਗ ਜਾਇਦਾਦਾਂ ਦੇ ਰੈਵੇਨਿਊ ਰਿਕਾਰਡ ਦੀ ਜਾਂਚ ਕੀਤੀ ਸੀ, ਜਿਨ੍ਹਾਂ ਨੂੰ ਵਿਧਾਇਕ ਰਮਨ ਅਰੋੜਾ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਦੀਆਂ ਦੱਸਿਆ ਜਾ ਰਿਹਾ ਸੀ।

ਸਿਰਫ਼ ਵਿਧਾਇਕ ਹੀ ਨਹੀਂ, ਰਿਸ਼ਤੇਦਾਰ ਅਤੇ ਸਹਿਯੋਗੀ ਵੀ ਰਾਡਾਰ ’ਤੇ
ਵਿਜੀਲੈਂਸ ਵਿਭਾਗ ਨੇ ਆਪਣੀ ਜਾਂਚ ਦਾ ਘੇਰਾ ਸਿਰਫ਼ ਵਿਧਾਇਕ ਰਮਨ ਅਰੋੜਾ ਤਕ ਸੀਮਤ ਨਹੀਂ ਰੱਖਿਆ ਹੈ। ਵਿਭਾਗ ਹੁਣ ਉਨ੍ਹਾਂ ਦੇ ਕੁੜਮ, ਰਿਸ਼ਤੇਦਾਰਾਂ ਅਤੇ ਨਜ਼ਦੀਕੀ ਦੋਸਤਾਂ ਦੇ ਨਾਵਾਂ ’ਤੇ ਦਰਜ ਜਾਇਦਾਦਾਂ ਦੀ ਵੀ ਜਾਂਚ ਕਰ ਰਿਹਾ ਹੈ। ਵਿਭਾਗ ਦੀ ਮਨਸ਼ਾ ਇਹ ਜਾਣਨ ਦੀ ਹੈ ਕਿ ਕੀ ਰਮਨ ਅਰੋੜਾ ਨੇ ਆਪਣੀ ਕਥਿਤ ਕਾਲੀ ਕਮਾਈ ਨੂੰ ਲੁਕਾਉਣ ਲਈ ਇਨ੍ਹਾਂ ਨਜ਼ਦੀਕੀਆਂ ਦੇ ਨਾਵਾਂ ਦੀ ਵਰਤੋਂ ਕੀਤੀ। ਹਰੇਕ ਜਾਇਦਾਦ ਦੀ ਖ਼ਰੀਦੋ-ਫਰੋਖ਼ਤ ਦੀਆਂ ਕੜੀਆਂ ਨੂੰ ਜੋੜ ਕੇ ਇਹ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਵਿਚ ਅਰੋੜਾ ਦੀ ਕੋਈ ਅਸਿੱਧੀ ਭੂਮਿਕਾ ਹੈ ਜਾਂ ਨਹੀਂ। ਕੁਝ ਮਾਮਲਿਆਂ ਵਿਚ ਤਾਂ ਜਾਇਦਾਦਾਂ ਦੀਆਂ ਕੀਮਤਾਂ ਅਤੇ ਭੁਗਤਾਨ ਕੀਤੇ ਗਏ ਟੈਕਸ ਵਿਚ ਭਾਰੀ ਅੰਤਰ ਪਾਇਆ ਗਿਆ ਹੈ, ਜਿਸ ਨਾਲ ਸ਼ੱਕ ਹੋਰ ਵਧ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਅਤੇ ਤੂਫ਼ਾਨ ਦੀ ਸੰਭਾਵਨਾ

ਭਾਜਪਾ ਆਗੂਆਂ ਨੂੰ ਲੈ ਕੇ ਮਾਲਵਿੰਦਰ ਕੰਗ ਨੇ ਕੀਤਾ ਸਨਸਨੀਖੇਜ਼ ਖ਼ੁਲਾਸਾ