ਚੰਡੀਗੜ੍ਹ, 5 ਮਈ 2022 – ਰਿਸ਼ਵਤ ਦੇ ਦੋਸ਼ ਵਿੱਚ ਫਸੇ ਜਿਸ ਪਟਵਾਰੀ ਦੀ ਹਮਾਇਤ ਵਿੱਚ ਪੰਜਾਬ ਦੇ ਸਮੂਹ ਪਟਵਾਰੀ ਤੇ ਕਾਨੂੰਗੋ ਹੜਤਾਲ ‘ਤੇ ਗਏ ਹੋਏ ਹਨ, ਉਸ ਬਾਰੇ ਵਿਜੀਲੈਂਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ।
ਵਿਜੀਲੈਂਸ ਅਨੁਸਾਰ ਪਟਵਾਰੀ ਦੇ ਘਰੋਂ 33 ਰਜਿਸਟਰੀਆਂ ਮਿਲੀਆਂ ਹਨ। ਇਸ ਤੋਂ ਇਲਾਵਾ ਵਿਜੀਲੈਂਸ ਨੇ ਉਸ ਦੇ ਖਾਤਿਆਂ ‘ਚ ਕਰੋੜਾਂ ਰੁਪਏ ਹੋਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਰਜਿਸਟਰੀਆਂ ਰਾਹੀਂ ਖਰੀਦੀਆਂ ਗਈਆਂ ਜਾਇਦਾਦਾਂ ‘ਤੇ ਹੁਣ ਤਕ ਕਰੀਬ 1 ਕਰੋੜ 77 ਲੱਖ ਰੁਪਏ ਦਾ ਲੈਣ-ਦੇਣ ਹੋ ਚੁੱਕਾ ਹੈ। ਉਕਤ ਪਟਵਾਰੀ ਦੇ ਦੋ ਵੱਖ-ਵੱਖ ਬੈਂਕ ਖਾਤਿਆਂ ‘ਚ ਕਰੀਬ 25 ਲੱਖ ਰੁਪਏ ਜਮ੍ਹਾਂ ਹਨ। ਜਿਸ ਤੋਂ ਬਾਅਦ ਹੁਣ ਪਟਵਾਰੀਆਂ ਤੇ ਕਾਨੂੰਨਗੋਆਂ ਦੀ ਹੜਤਾਲ ਉੱਪਰ ਸਵਾਲ ਉੱਠਣ ਲੱਗੇ ਹਨ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਮਾਲ ਪਟਵਾਰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਪਟਵਾਰੀ ਦੀਦਾਰ ਸਿੰਘ ਪਿੰਡ ਛੋਕਰ ਦਾ ਮੌਜੂਦਾ ਨੰਬਰਦਾਰ ਵੀ ਹੈ। ਪਟਵਾਰੀ ਹੋਣ ਦੇ ਨਾਤੇ ਉਹ ਨੰਬਰਦਾਰ ਨਹੀਂ ਰਹਿ ਸਕਦਾ ਸੀ, ਜਿਸ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ। ਪਰ ਇਸ ਦੇ ਬਾਵਜੂਦ ਉਹ ਨੰਬਰਦਾਰੀ ਕਰਦਾ ਰਿਹਾ। ਉਸ ਨੇ ਹੁਣ ਤਕ ਦੋ ਲੱਖ ਇਕ ਹਜ਼ਾਰ ਰੁਪਏ ਮਾਣ ਭੱਤਾ ਨੰਬਰਦਾਰ ਵਜੋਂ ਲੈ ਚੁੱਕਿਆ ਹੈ।
ਦੱਸ ਦਈਏ ਕਿ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਪਿੰਡ ਨਾਰੀਕੇ ਦੇ ਪਟਵਾਰੀ ਤੇ ਦ ਰੈਵੇਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਖ਼ਿਲਾਫ਼ ਦਰਜ ਕੇਸ ਦਰਜ ਕੀਤਾ ਹੈ। 26 ਅਪਰੈਲ ਨੂੰ ਪਟਵਾਰੀ ਦੀਦਾਰ ਸਿੰਘ ਤੇ ਨੰਬਰਦਾਰ ਤਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਮਗਰੋਂ ਦੋਵੇਂ ਜੁਡੀਸ਼ਲ ਹਿਰਾਸਤ ਦੌਰਾਨ ਸੰਗਰੂਰ ਜੇਲ੍ਹ ’ਚ ਬੰਦ ਹਨ। ਇਸ ਕੇਸ ਨੂੰ ਰੱਦ ਕਰਾਉਣ ਲਈ ਪੰਜਾਬ ਭਰ ਦੇ ਪਟਵਾਰੀ ਤੇ ਕਾਨੂੰਨਗੋ 15 ਮਈ ਤੱਕ ਸਮੁੱਚਾ ਕੰਮਕਾਜ ਠੱਪ ਕਰਕੇ ਸਮੂਹਕ ਛੁੱਟੀ ’ਤੇ ਚਲੇ ਗਏ ਹਨ।