ਨਵੀਂ ਦਿੱਲੀ, 3 ਅਗਸਤ 2022 – ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਵੇਟਲਿਫਟਰਾਂ ਦਾ ਦਬਦਬਾ ਜਾਰੀ ਹੈ। ਵੇਟਲਿਫਟਿੰਗ ਵਿੱਚ, ਵਿਕਾਸ ਠਾਕੁਰ ਨੇ ਪੁਰਸ਼ਾਂ ਦੇ 96 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਜਿੱਤ ਜਿੰਨੀ ਸ਼ਾਨਦਾਰ ਸੀ, ਜਸ਼ਨ ਵੀ ਉਹਨਾਂ ਹੀ ਯਾਦਗਾਰੀ ਸੀ। ਦਰਅਸਲ, ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵਿਕਾਸ ਨੇ ਸਿੱਧੂ ਮੂਸੇਵਾਲਾ ਦੇ ਅੰਦਾਜ਼ ਵਿੱਚ ਜਸ਼ਨ ਮਨਾਇਆ।
ਸਿੱਧੂ ਦੇ ਦਰਦਨਾਕ ਕਤਲ ਤੋਂ ਬਾਅਦ ਵਿਕਾਸ ਫੁੱਟ-ਫੁੱਟ ਕੇ ਰੋਇਆ ਸੀ। ਇਸੇ ਲਈ ਉਸ ਨੇ ਸਿੱਧੂ ਦੇ ਹੀ ਅੰਦਾਜ਼ ਵਿੱਚ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਭੇਟ ਕੀਤੀ। ਵਿਕਾਸ ਨੇ 96 ਕਿਲੋ ਵਰਗ ਵਿੱਚ 346 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਉਸ ਨੇ ਗਲਾਸਗੋ ਖੇਡਾਂ 2014 ਵਿੱਚ 86 ਕਿਲੋ ਵਿੱਚ ਚਾਂਦੀ ਅਤੇ ਫਿਰ 2018 ਵਿੱਚ ਗੋਲਡ ਕੋਸਟ ਖੇਡਾਂ ਵਿੱਚ 94 ਕਿਲੋ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੰਜਾਬ ਅਤੇ ਦਿੱਲੀ ਪੁਲਿਸ ਨੇ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਆਪਣੇ ਗੀਤਾਂ ਕਰਕੇ ਨੌਜਵਾਨਾਂ ਵਿੱਚ ਕਾਫੀ ਹਰਮਨ ਪਿਆਰੇ ਰਹਿਣ ਵਾਲੇ ਮੂਸੇਵਾਲਾ ਦੇ ਕਤਲ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। 28 ਸਾਲਾ ਭਾਰਤੀ ਵੇਟਲਿਫਟਰ ਵਿਕਾਸ ਵੀ ਉਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਸੀ ਜੋ ਮੂਸੇਵਾਲਾ ਦੀ ਮੌਤ ਤੋਂ ਬਹੁਤ ਦੁਖੀ ਹੋਏ ਸਨ।
ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ 2 ਅਗਸਤ ਦਿਨ ਮੰਗਲਵਾਰ ਨੂੰ ਬਰਮਿੰਘਮ ਵਿੱਚ ਭਾਰਤ ਦਾ ਝੰਡਾ ਬੁਲੰਦ ਕਰਨ ਵਾਲੇ ਵਿਕਾਸ ਨੇ ਦੱਸਿਆ ਕਿ ਉਸ ਨੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਭਾਰਤ ਤੋਂ ਆਉਂਦੇ ਸਮੇਂ ਸਿੱਧੂ ਮੂਸੇਵਾਲਾ ਦੇ ਗੀਤ ਸੁਣੇ ਸਨ। ਮੈਚ ਦੌਰਾਨ ਸੀ ਉਹ ਮੂਸੇਵਾਲਾ ਦੇ ਗੀਤਾਂ ਬਾਰੇ ਵੀ ਸੋਚ ਰਿਹਾ ਸੀ।
ਉਸ ਦੇ ਲਿਫਟ ਤੋਂ ਬਾਅਦ ਵਿਕਾਸ ਨੇ ਮੂਸੇਵਾਲਾ ਦੇ ਅੰਦਾਜ਼ ‘ਚ ਉਸ ਨੂੰ ਪੱਟ ‘ਤੇ ਥਾਪੀ ਮਾਰੀ ਅਤੇ ਇਸ ਬਾਰੇ ਉਨ੍ਹਾਂ ਬਾਅਦ ਵਿੱਚ ਕਿਹਾ, ‘ਪੱਟ ‘ਤੇ ਥਾਪੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਸੀ। ਉਸ ਦੇ ਕਤਲ ਤੋਂ ਬਾਅਦ ਮੈਂ ਦੋ ਦਿਨ ਤੱਕ ਖਾਣਾ ਵੀ ਨਹੀਂ ਖਾਧਾ ਸੀ। ਮੈਂ ਉਨ੍ਹਾਂ ਨੂੰ ਕਦੇ ਨਹੀਂ ਮਿਲਿਆ ਪਰ ਉਨ੍ਹਾਂ ਦੇ ਗੀਤ ਹਮੇਸ਼ਾ ਮੇਰੇ ਨਾਲ ਰਹਿਣਗੇ। ਇੱਥੇ ਆਉਣ ਤੋਂ ਪਹਿਲਾਂ ਵੀ ਮੈਂ ਇਹੀ ਗਾਣੇ ਸੁਣ ਰਿਹਾ ਸੀ। ਮੈਂ ਹਮੇਸ਼ਾ ਉਸ ਦਾ ਵੱਡਾ ਪ੍ਰਸ਼ੰਸਕ ਰਹਾਂਗਾ।
ਸਿੱਧੂ ਮੂਸੇਵਾਲਾ ਦਾ ਦਿਲ ਆਪਣੇ ਪਿੰਡ ਮੂਸੇਵਾਲਾ ਲਈ ਧੜਕਦਾ ਹੈ। ਇਸੇ ਕਰਕੇ ਉਹ ਆਪਣੇ ਨਾਂ ਨਾਲ ਨਹੀਂ ਸਗੋਂ ਪਿੰਡ ਦੇ ਨਾਂ ਨਾਲ ਜਾਣੇ ਜਾਂਦੇ ਸਨ।