ਪੰਜਗਰਾਈਂ ਕਲਾਂ, 17 ਅਕਤੂਬਰ 2024 – ਫਰੀਦਕੋਟ ਜਿਲ੍ਹੇ ਦੇ ਮਸ਼ਹੂਰ ਤੇ ਵੱਡੇ ਪਿੰਡ ਪੰਜਗਰਾਈਂ ਕਲਾਂ ਦੀ ਕੁੜੀ ਤਪਪਿੰਦਰ ਕੌਰ ਬਰਾੜ ਪੁੱਤਰੀ ਗੁਰਪ੍ਰੀਤ ਸਿੰਘ ਬਰਾੜ ਨੇ ਜੱਜ ਬਣ ਕੇ ਇਤਿਹਾਸ ਰਚਿਆ ਹੈ। ਤਪਪਿੰਦਰ ਕੌਰ ਨੇ ਤੀਜੀ ਪੁਜੀਸ਼ਨ ਹਾਸਿਲ ਕੀਤੀ ਹੈ। ਤਪਪਿੰਦਰ ਕੌਰ ਦੇ ਜੱਜ ਬਣਨ ਕਰਕੇ ਜਿਥੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ ਉੱਥੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਵੀ ਤਾਂਤਾ ਲੱਗਿਆ ਹੋਇਆ ਹੈ।
ਜੱਜ ਬਣੀ ਤਪਪਿੰਦਰ ਕੌਰ ਨੇ ਗੱਲਬਾਤ ਕਰਦਿਆ ਕਿਹਾ ਕਿ ਇਥੋਂ ਤੱਕ ਉਸ ਨੂੰ ਪਹੁੰਚਾਉਣ ਲਈ ਉਸਦੇ ਪਿਤਾ ਗੁਰਪ੍ਰੀਤ ਸਿੰਘ ਬਰਾੜ ਤੇ ਮਾਤਾ ਕੁਲਵੀਰ ਕੌਰ ਬਰਾੜ ਦਾ ਬਹੁਤ ਸਹਿਯੋਗ ਹੈ। ਜਿਥੇ ਪਿੰਡ ਦੀਆਂ ਕਈ ਸੰਸਥਾਵਾਂ ਵੱਲੋਂ ਜੱਜ ਬਣਨ ਤੇ ਤਪਪਿੰਦਰ ਕੌਰ ਦਾ ਮਾਣ ਸਨਮਾਨ ਕੀਤਾ ਗਿਆ ਹੈ ,ਉੱਥੇ ਪਿੰਡ ਦੇ ਗੁਰਦੁਆਰਾ ਨਿਹੰਗ ਸਿੰਘਾਂ ਦੀ ਛਾਉਣੀ ਵਿਖੇ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਤੇ ਪ੍ਰਸਿੱਧ ਸਿੱਖ ਪ੍ਰਚਾਰਕ ਬਾਬਾ ਗੁਰਪ੍ਰੀਤ ਸਿੰਘ ਪੰਜਗਰਾਈਂ ਵੱਲੋਂ ਤਪਪਿੰਦਰ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਬਾਬਾ ਗੁਰਪ੍ਰੀਤ ਸਿੰਘ ਜੀ ਨੇ ਇਸ ਮੌਕੇ ਤੇ ਕਿਹਾ ਕੇ ਤਪਪਿੰਦਰ ਕੌਰ ਨੇ ਪਿੰਡ ਦੀ ਪਹਿਲੀ ਜੱਜ ਕੁੜੀ ਬਣ ਕੇ ਪਿੰਡ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਨੇ ਕਿਹਾ ਕੇ ਕੁੜੀਆਂ ਨੂੰ ਚਾਹੀਦਾ ਹੈ ਕੇ ਉਹ ਉੱਚ ਵਿੱਦਿਆ ਹਾਸ਼ਲ ਕਰਕੇ ਵੱਡੀਆਂ ਪ੍ਰਾਪਤੀਆਂ ਕਰਨ।