- ਸੁਖੀ ਰੰਧਾਵਾ ਨੂੰ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਨੂੰ ਤਬਾਹ ਕਰਨ ਦੇ ਬਿਆਨ ਤੇ ਵੀ ਦਿੱਤਾ ਜੁਆਬ
ਗੁਰਦਾਸਪੁਰ, 26 ਅਕਤੂਬਰ 2024 – ਡੇਰਾ ਬਾਬਾ ਨਾਨਕ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਗੁਰਦੁਆਰਾ ਸਾਹਿਬ ਵਿੱਚ ਹੋਈ ਇੱਕ ਵੱਡੀ ਬੈਠਕ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਕੁਝ ਦਿਨ ਪਹਿਲਾਂ ਵਾਪਸ ਸ਼ਾਮਿਲ ਕੀਤੇ ਗਏ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਸਮੂਹ ਅਕਾਲੀ ਵਰਕਰ ਆਪਣੇ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਹੈ ਅਤੇ ਸੁਖਬੀਰ ਬਾਦਲ ਨੂੰ ਸਿਆਸੀ ਸਮਾਗਮਾਂ ਵਿੱਚ ਹਿੱਸਾ ਨਾ ਲੈਣ ਦੇ ਫੈਸਲੇ ਕਾਰਨ ਪਾਰਟੀ ਵਰਕਰਾਂ ਨੇ ਵੀ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਸ ਲਈ ਅੱਜ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਜਿਮਨੀ ਚੋਣਾਂ ਵਿੱਚ ਵੋਟ ਨਹੀਂ ਪਾਏਗਾ। ਉੱਥੇ ਹੀ ਸੁੱਚਾ ਸਿੰਘ ਲੰਗਾਹ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਬਾਕੀ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਜਿਸ ਨੂੰ ਮਰਜ਼ੀ ਵੋਟ ਪਾ ਦਿਓ ਪਰ ਕਾਂਗਰਸ ਨੂੰ ਨਾ ਵੋਟ ਪਾਈਓ । ਇਸ ਮੌਕੇ ਲੰਗਾਹ ਨੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਮੌਜੂਦਾ ਕਾਂਗਰਸੀ ਐਮਪੀ ਸੁਖਜਿੰਦਰ ਰੰਧਾਵਾ ਦੇ ਖਿਲਾਫ ਵੀ ਖੂਬ ਭੜਾਸ ਕੱਢੀ।
ਸੁੱਚਾ ਸਿੰਘ ਨੇ ਲੰਗਾਹ ਨੇ ਕਿਹਾ ਕਿ ਬੈਠਕ ਵਿੱਚ ਸਮੂਹ ਅਕਾਲੀ ਵਰਕਰਾਂ ਨੇ ਆਪਣੇ ਸੁਪਰੀਮੋ ਸੁਖਬੀਰ ਬਾਦਲ ਦੇ ਨਾਲ ਖੜੇ ਹੋਣ ਦਾ ਹੁੰਗਾਰਾ ਭਰਿਆ ਹੈ ਤੇ ਸਮੂਹ ਅਕਾਲੀ ਲੀਡਰਸ਼ਿਪ ਅਤੇ ਵਰਕਰ ਰੱਬ ਤੋਂ ਬਾਅਦ ਅਕਾਲ ਤਖਤ ਨੂੰ ਮੰਨਦੀ ਹੈ ਇਸ ਲਈ ਅਕਾਲ ਤਖਤ ਦਾ ਫੈਸਲਾ ਸਿਰ ਮੱਥੇ ਲੈਂਦੇ ਹੋਏ ਚੌਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਉਨਾ ਸੁਖਜਿੰਦਰ ਰੰਧਾਵਾ ਵੱਲੋਂ ਇਹ ਬਿਆਨ ਦਿੱਤੇ ਜਾਣ ਕੇਸ ਸੁਖਬੀਰ ਬਾਦਲ ਨੇ ਅਕਾਲ ਤਖਤ ਨੂੰ ਤਬਾਹ ਕਰ ਦਿੱਤਾ ਹੈ ਤੇ ਸਿੱਖ ਕੌਮ ਉਹਨਾਂ ਨੂੰ ਕਦੇ ਮਾਫ ਨਹੀਂ ਕਰੇਗੀ ਦਾ ਜਵਾਬ ਦਿੰਦਿਆ ਕਿਹਾ ਕਿ ਸੁਖਜਿੰਦਰ ਰੰਧਾਵਾ ਦੇ ਪਰਿਵਾਰ ਵੱਲੋਂ ਹਮੇਸ਼ਾ ਸਿੱਖ ਵਿਰੋਧੀ ਕੰਮ ਕੀਤੇ ਗਏ ਹਨ। ਉਹਨਾਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਫੌਜ ਦੇ ਵੜਨ ਦਾ ਵੀ ਸਮਰਥਨ ਕੀਤਾ ਸੀ। ਉਹਨਾਂ ਨੂੰ ਕੌਮ ਬਾਰੇ ਗੱਲ ਕਰਨ ਦਾ ਕੋਈ ਹੱਕ ਨਹੀਂ ਹੈ । ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਨੇ ਸੂਬੇ ਨੂੰ ਤਬਾਹ ਕੀਤਾ ਹੈ ਇਸ ਲਈ ਜਿਸ ਨੂੰ ਮਰਜ਼ੀ ਵੋਟ ਪਾਉਣ ਵਾਲੇ ਲੇਕਿਨ ਕਾਂਗਰਸ ਨੂੰ ਵੋਟ ਨਹੀਂ ਪਾਉਣਾ।
ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਕੰਵਲਪ੍ਰੀਤ ਸਿੰਘ ਕਾਕੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਗੂਆਂ ਅਤੇ ਵਰਕਰਾਂ ਨੇ ਜਿਮਨੀ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ ਪਰ ਇਸ ਸਮੇਂ ਵਿੱਚ ਉਹ 2027 ਆਉਣ ਵਾਲੀਆਂ ਵਿਧਾਨ ਸਭਾ ਚੋਣਾ ਦੀਆਂ ਤਿਆਰੀਆਂ ਕਰਦੇ ਰਹਿਣਗੇ ਅਤੇ ਆਪਣੇ ਵਰਕਰਾਂ ਦੇ ਦੁੱਖ ਸੁੱਖ ਵੀ ਲਗਾਤਾਰ ਸ਼ਰੀਕ ਰਹਿਣਗੇ।